ਮੋਹਾਲੀ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਆਪ ਸਰਕਾਰ ਵੱਲੋਂ ਰਾਘਵ ਚੱਢਾ ਨੂੰ ਸਰਕਾਰ ਦੀ ਸਲਾਹਕਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਨੂੰ ਪੰਜਾਬ ਉੱਪਰ ਥੋਪ ਕੇ ਕੇਜਰੀਵਾਲ ਨੇ ਨਾ ਸਿਰਫ ਭਗਵੰਤ ਮਾਨ ਬਲਕਿ ਉਸਦੀ ਸਮੂਹ ਕੈਬਨਿਟ ਦੇ ਨਾਲ ਨਾਲ ਸਮੁੱਚੇ ਪੰਜਾਬ ਦੀ ਕਾਬਲੀਅਤ ਤੇ ਸਵਾਲ ਖੜਾ ਕੀਤਾ ਹੈ। ਖਹਿਰਾ ਨੇ ਕਿਹਾ ਕਿ ਕੇਜਰੀਵਾਲ ਨੇ ਸਰਕਾਰ ਦੀ ਇੱਕ ਸਲਾਹਕਾਰ ਕਮੇਟੀ ਬਣਾਈ। ਜਿਸ ਦਾ ਰਾਘਵ ਚੱਢਾ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਖਹਿਰਾ ਨੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ।
ਦੂਜੇ ਪਾਸੇ ਭਾਜਪਾ ਨੇ ਵੀ ਰਾਘਵ ਚੱਢਾ ਦੀ ਨਿਯੁਕਤੀ ਨੂੰ ਲੈ ਕੇ ਸਰਕਾਰ 'ਤੇ ਚੁੱਕੇ ਹਨ। ਭਾਜਪਾ ਦੇ ਸੂਬਾ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਪਾਰਟੀ ਪਹਿਲੇ ਦਿਨ ਤੋਂ ਹੀ ਕਹਿ ਰਹੀ ਹੈ ਕਿ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੇ ਹੱਥਾਂ ਦੀ ਕਠਪੁਤਲੀ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਚੱਢਾ ਪਿਛਲੇ ਦਰਵਾਜ਼ੇ ਤੋਂ ਸਰਕਾਰ ਚਲਾਉਂਦੇ ਸਨ ਤੇ ਹੁਣ ਉਹ ਖੁੱਲ੍ਹ ਕੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਨਗੇ।