Tuesday, April 08, 2025

Punjab

ਰਾਣਾ ਸੋਢੀ ਵੱਲੋਂ ਹਾਕੀ ਖਿਡਾਰੀਆਂ ਲਈ 1-1 ਕਰੋੜ ਦੇ ਪੁਰਸਕਾਰ ਦਾ ਐਲਾਨ

August 05, 2021 03:06 PM

ਚੰਡੀਗੜ੍ਹ : ਉਲੰਪਿਕਸ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਵੱਲੋਂ ਇਤਿਹਾਸ ਸਿਰਜਦਿਆਂ ਜਰਮਨੀ ਦੀ ਮਜ਼ਬੂਤ ਟੀਮ ਨੂੰ 5-4 ਨਾਲ ਹਰਾ ਕੇ 41 ਸਾਲ ਮਗਰੋਂ ਕਾਂਸੀ ਦਾ ਤਮਗ਼ਾ ਜਿੱਤਣ ‘ਤੇ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਹਾਕੀ ਖਿਡਾਰੀ ਨੂੰ 1-1 ਕਰੋੜ ਰੁਪਏ ਦੀ ਨਕਦ ਰਾਸ਼ੀ ਨਾਲ ਨਿਵਾਜਿਆ ਜਾਵੇਗਾ। ਭਾਰਤ ਦੀ ਸ਼ਾਨਦਾਰ ਜਿੱਤ ‘ਤੇ ਖੇਡ ਮੰਤਰੀ ਨੇ ਟਵੀਟ ਕੀਤਾ, “ਭਾਰਤੀ ਹਾਕੀ ਦੇ ਇਸ ਇਤਿਹਾਸਕ ਦਿਨ ‘ਤੇ ਮੈਂ ਪੰਜਾਬ ਦੇ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੇ ਨਕਦ ਪੁਰਸਕਾਰ ਦਾ ਐਲਾਨ ਕਰਦਿਆਂ ਮਾਣ ਮਹਿਸੂਸ ਕਰ ਰਿਹਾ ਹਾਂ। ਅਸੀਂ ਉਲੰਪਿਕਸ ਵਿੱਚ ਬਹੁਤ ਜ਼ਿਆਦਾ ਜ਼ੋਰ-ਅਜ਼ਮਾਈ ਨਾਲ ਫੁੰਡੇ ਤਮਗ਼ੇ ਦਾ ਜਸ਼ਨ ਮਨਾਉਣ ਲਈ ਤੁਹਾਡੀ ਵਾਪਸੀ ਦੀ ਉਡੀਕ ਕਰ ਰਹੇ ਹਾਂ।” ਉਨ੍ਹਾਂ ਕਿਹਾ ਕਿ ਇਹ ਬਿਲਕੁਲ ਫਸਵਾਂ ਤੇ ਮਨੋਰੰਜਕ ਮੈਚ ਸੀ। ਸਾਡੇ ਮੁੰਡਿਆਂ ਨੇ ਇਹ ਟੋਕੀਉ ਉਲੰਪਿਕਸ 2020 ਵਿੱਚ ਕਰ ਦਿਖਾਇਆ ਹੈ ਅਤੇ 41 ਸਾਲਾਂ ਪਿੱਛੋਂ ਉਲੰਪਿਕ ਤਮਗ਼ਾ ਦੇਸ਼ ਦੀ ਝੋਲੀ ਪਾਇਆ ਹੈ। ਭਾਰਤ ਅਤੇ ਪੰਜਾਬ ਨੂੰ ਟੀਮ ਦੀ ਸ਼ਾਨਦਾਰ ਖੇਡ ‘ਤੇ ਮਾਣ ਹੈ। ਰਾਣਾ ਸੋਢੀ ਨੇ ਦੱਸਿਆ ਕਿ ਪੰਜਾਬ ਦੇ ਕੁੱਲ 20 ਖਿਡਾਰੀਆਂ ਵਿੱਚੋਂ 11 ਖਿਡਾਰੀ ਭਾਰਤੀ ਹਾਕੀ ਟੀਮ ਵਿੱਚ ਸ਼ਾਮਲ ਹਨ।

Have something to say? Post your comment