Wednesday, April 02, 2025

Punjab

ਪੰਜਾਬ ਪੁਲਿਸ ਤੋਂ ਮਿਲੀ ਜਾਣਕਾਰੀ ਮਗਰੋਂ ਏਟੀਐਸ ਗੁਜਰਾਤ ਨੇ ਸਾਂਝੀ ਕਾਰਵਾਈ ਦੌਰਾਨ ਮੁੰਦਰਾ ਬੰਦਰਗਾਹ ਤੋਂ 75 ਕਿਲੋਗ੍ਰਾਮ ਹੈਰੋਇਨ ਕੀਤੀ ਬਰਾਮਦ

DGP Gorav yadav

July 13, 2022 05:41 AM

ਚੰਡੀਗੜ੍ਹ : ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਯੂਏਈ ਤੋਂ ਪੰਜਾਬ ਵਿੱਚ ਹੈਰੋਇਨ ਦੀ ਤਸਕਰੀ ਬਾਰੇ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਏਟੀਐਸ ਗੁਜਰਾਤ ਅਤੇ ਕੇਂਦਰੀ ਏਜੰਸੀਆਂ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਗੁਜਰਾਤ ਦੇ ਮੁੰਦਰਾ ਬੰਦਰਗਾਹ ਵਿਖੇ ਇੱਕ ਕੰਟੇਨਰ ਵਿੱਚੋਂ 75 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਨਸ਼ੀਲੇ ਪਦਾਰਥ ਨੂੰ ਇੱਕ ਗੱਤੇ ਦੀ ਪਾਈਪ, ਜਿਸ ਨੂੰ ਅੱਗੇ ਇੱਕ ਵੱਡੀ ਪਲਾਸਟਿਕ ਪਾਈਪ ਜ਼ਰੀਏ ਛੁਪਾਇਆ ਗਿਆ ਸੀ, ਦੀ ਵਰਤੋਂ ਕਰਕੇ ਅਣਸੀਤੇ ਕੱਪੜਿਆਂ ਦੇ ਇੱਕ ਕੰਟੇਨਰ ਵਿੱਚ ਛੁਪਾ ਕੇ ਰੱਖਿਆ ਗਿਆ ਸੀ । ਕੰਟੇਨਰ, ਜੋ ਕਿ ਯੂਏਈ ਦੇ ਜੇਬਲ ਅਲੀ ਬੰਦਰਗਾਹ ਤੋਂ ਲੋਡ ਕੀਤਾ ਗਿਆ ਸੀ, ਨੂੰ ਮਾਲੇਰਕੋਟਲਾ, ਪੰਜਾਬ ਦੇ ਇੱਕ ਇੰਪੋਟਰ ਦੁਆਰਾ ਮੰਗਵਾਇਆ ਗਿਆ ਸੀ।
ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਕੰਟੇਨਰ ਦੇ ਪੰਜਾਬ ਨਾਲ ਸਬੰਧਤ ਹੋਣ ਕਾਰਨ ਅਜਿਹਾ ਜਾਪਦਾ ਹੈ ਕਿ ਇਹ ਖੇਪ ਪੰਜਾਬ ਦੇ ਰਸਤੇ ਕਿਸੇ ਹੋਰ ਥਾਂ ਪਹੁੰਚਾਈ ਜਾਣੀ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸਦੇ ਪੰਜਾਬ ਨਾਲ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਇਹ ਬਰਾਮਦਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਇੱਕ ਵੱਡੀ ਸਫਲਤਾ ਵਜੋਂ ਸਾਹਮਣੇ ਆਈ ਹੈ।
ਹੋਰ ਵੇਰਵਿਆਂ ਦਾ ਖੁਲਾਸਾ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਾਣਕਾਰੀ ਮਿਲਣ ਤੋਂ ਬਾਅਦ, ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਐਸ.ਏ.ਐਸ. ਨਗਰ ਨੇ ਤੁਰੰਤ ਪੁਲਿਸ ਟੀਮਾਂ ਨੂੰ ਗੁਜਰਾਤ ਭੇਜਿਆ ਅਤੇ ਮੁੰਦਰਾ ਬੰਦਰਗਾਹ 'ਤੇ ਤਾਇਨਾਤ ਕੀਤਾ।

ਉਨ੍ਹਾਂ ਦੱਸਿਆ ਕਿ ਕੇਂਦਰੀ ਏਜੰਸੀ ਅਤੇ ਏਟੀਐਸ ਗੁਜਰਾਤ ਨਾਲ ਤਾਲਮੇਲ ਜ਼ਰੀਏ ਕਸਟਮ ਦੀ ਮਦਦ ਨਾਲ ਮੁੰਦਰਾ ਬੰਦਰਗਾਹ 'ਤੇ ਤਲਾਸ਼ੀ ਲਈ ਗਈ। ਉਨ੍ਹਾਂ ਅੱਗੇ ਕਿਹਾ ਕਿ ਢੁੱਕਵੀਂ ਪ੍ਰਕਿਰਿਆ ਅਤੇ ਦਸਤਾਵੇਜ਼ੀ ਕਾਰਵਾਈ ਤੋਂ ਬਾਅਦ ਕੰਟੇਨਰ ਨੂੰ ਖੋਲ੍ਹਿਆ ਗਿਆ ਜਿਸ ਵਿੱਚਂਛ 75 ਕਿਲੋ ਹੈਰੋਇਨ ਦੀ ਵੱਡੀ ਬਰਾਮਦਗੀ ਹੋਈ। ਪਾਰਦਰਸ਼ਤਾ ਯਕੀਨੀ ਬਣਾਉਣ ਅਤੇ ਐਨਡੀਪੀਐਸ ਐਕਟ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਲਈ ਕਸਟਮ ਅਧਿਕਾਰੀਆਂ ਅਤੇ ਮੈਜਿਸਟਰੇਟ ਦੀ ਮੌਜੂਦਗੀ ਵਿੱਚ ਖੇਪ ਨੂੰ ਖੋਲ੍ਹਿਆ ਗਿਆ।

ਅਗਲੇ ਅਤੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਇਸ ਖੇਪ ਨਾਲ ਸਬੰਧਾਂ ਦੇ ਸ਼ੱਕ ਵਿੱਚ ਮਾਲੇਰਕੋਟਲਾ ਅਤੇ ਲੁਧਿਆਣਾ ਦੇ ਕੁਝ ਸ਼ੱਕੀ ਵਿਅਕਤੀਆਂ ਨੂੰ ਸਬੰਧਤ ਜ਼ਿਲ੍ਹਾ ਪੁਲਿਸ ਵੱਲੋਂ ਪੁੱਛਗਿੱਛ ਲਈ ਬੁਲਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਸਬੰਧੀ ਏਟੀਐਸ ਗੁਜਰਾਤ ਦੁਆਰਾ ਪੁਲਿਸ ਸਟੇਸ਼ਨ ਏਟੀਐਸ ਅਹਿਮਦਾਬਾਦ ਵਿੱਚ ਐਨਡੀਪੀਐਸ ਐਕਟ ਦੀ ਧਾਰਾ 8ਸੀ, 21ਸੀ, 23ਸੀ ਅਤੇ 29 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

Have something to say? Post your comment