ਚੰਡੀਗੜ੍ਹ : ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਰਾਸ਼ਟਰਪਤੀ ਚੋਣ 2022 ਦੇ ਸੰਚਾਲਨ ਲਈ ਭਾਰਤੀ ਚੋਣ ਕਮਿਸ਼ਨ (ਈਸੀਆਈ) ਵੱਲੋਂ ਭੇਜੀ ਗਈ ਚੋਣ ਸਮੱਗਰੀ ਅੱਜ ਚੰਡੀਗੜ੍ਹ ਸਥਿਤ ਪੰਜਾਬ ਵਿਧਾਨ ਸਭਾ ਵਿਖੇ ਸੁਰੱਖਿਅਤ ਪਹੁੰਚ ਗਈ ਹੈ। ਰਾਸ਼ਟਰਪਤੀ ਚੋਣ 18 ਜੁਲਾਈ, 2022 ਨੂੰ ਹੋਣੀ ਹੈ।
ਚੋਣ ਸਮੱਗਰੀ ਵਿੱਚ ਮਨੋਨੀਤ ਬੈਲਟ ਬਾਕਸ, ਬੈਲਟ ਪੇਪਰ, ਵਿਸ਼ੇਸ਼ ਪੈਨ ਅਤੇ ਹੋਰ ਸੀਲਬੰਦ ਚੋਣ ਸਮੱਗਰੀ ਸ਼ਾਮਲ ਹੈ ਜਿਸਨੂੰ ਚੰਡੀਗੜ੍ਹ ਹਵਾਈ ਅੱਡੇ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੰਜਾਬ ਵਿਧਾਨ ਸਭਾ ਵਿੱਚ ਲਿਆਂਦਾ ਗਿਆ।
ਸੀਈਓ ਡਾ. ਰਾਜੂ ਨੇ ਦੱਸਿਆ ਕਿ ਚੋਣ ਅਫ਼ਸਰ ਪੰਜਾਬ ਭਾਰਤ ਭੂਸ਼ਣ ਬਾਂਸਲ ਅਤੇ ਸੰਯੁਕਤ ਸਕੱਤਰ-ਕਮ-ਸਹਾਇਕ ਰਿਟਰਨਿੰਗ ਅਫ਼ਸਰ ਪੰਜਾਬ ਵਿਧਾਨ ਸਭਾ ਰਾਮ ਲੋਕ ਖਟਾਣਾ ਨੇ ਭਾਰਤੀ ਚੋਣ ਕਮਿਸ਼ਨ ਤੋਂ ਚੋਣ ਸਮੱਗਰੀ ਪ੍ਰਾਪਤ ਕਰਕੇ ਹਵਾਈ ਜਹਾਜ਼ ਰਾਹੀਂ ਪੰਜਾਬ ਲਿਆਂਦੀ ਹੈ।
ਉਨ੍ਹਾਂ ਦੱਸਿਆ ਕਿ ਚੋਣ ਸਮੱਗਰੀ ਨੂੰ ਸਕੱਤਰ ਵਿਧਾਨ ਸਭਾ ਸੁਰਿੰਦਰਪਾਲ ਸਿੰਘ ਦੀ ਦੇਖ-ਰੇਖ ਹੇਠ ਪੰਜਾਬ ਵਿਧਾਨ ਸਭਾ ਵਿਖੇ ਸਥਾਪਿਤ ਸਟਰਾਂਗ ਰੂਮ ਵਿੱਚ ਸਟੋਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣ ਸਮੱਗਰੀ 24 ਘੰਟੇ ਸਖ਼ਤ ਨਿਗਰਾਨੀ ਹੇਠ ਰਹੇਗੀ।