ਐਸਏਐਸ ਨਗਰ : ਸੋਸ਼ਲ ਨੈੱਟਵਰਕਿੰਗ ਸਾਈਟਾਂ ਤੇ ਮੋਹਾਲੀ ਸਥਿਤ ਆਈ.ਆਈ.ਐਸ.ਈ.ਆਰ ਅਤੇ ਐਨ.ਏ.ਬੀ.ਆਈ ਇੰਸੀਚਿਊਟ ਲਾਗੇ ਤੇਂਦੂਏ ਦੇ ਦਿਖਣ ਦੀਆਂ ਅਪੁਸ਼ਟ ਖ਼ਬਰਾਂ ਪ੍ਰਚਾਰਿਤ ਹੋਣ ਤੋਂ ਬਾਅਦ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਏ ਹਨ । ਆਈ.ਆਈ.ਐਸ.ਈ.ਆਰ ਅਤੇ ਐਨ.ਏ.ਬੀ.ਆਈ ਇੰਸੀਚਿਊਟ ਵਿੱਚ ਪਿੰਜਰੇ ਅਤੇ ਟ੍ਰੈਪ ਕੈਮਰੇ ਲਗਾ ਦਿੱਤੇ ਗਏ ਹਨ, ਤਾਂ ਜੋ ਤੇਂਦੂਏ ਵੱਲੋਂ ਕੀਤੀ ਜਾਣ ਵਾਲੀ ਕਿਸੇ ਵੀ ਹਰਕਤ ਦਾ ਪਤਾ ਲਗਾਇਆ ਜਾ ਸਕੇ। ਪਰ ਅਜੇ ਤੱਕ ਤੇਂਦੂਏ ਦੀ ਮੌਜੂਦਗੀ ਸਬੰਧੀ ਕੋਈ ਪੁਖਤਾ ਜਾਣਕਾਰੀ ਨਹੀ ਮਿਲੀ ਹੈ। ਇਸ ਕਰਕੇ ਇਲਾਕਾ ਨਿਵਾਸੀ ਆਪਣੇ ਮਨ ਵਿੱਚ ਕਿਸੇ ਤਰ੍ਹਾਂ ਦਾ ਸਹਿਮ ਜਾ ਡਰ ਨਾ ਰੱਖਣ ਇਹ ਜਾਣਕਾਰੀ ਦਿੰਦੇ ਹੋਏ ਵਣ ਮੰਡਲ ਅਫਸਰ (ਜੰਗਲੀ ਜੀਵ) ਸ੍ਰੀ ਕੁਲਰਾਜ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਆਈ.ਆਈ.ਐਸ.ਈ.ਆਰ ਅਤੇ ਐਨ.ਏ.ਬੀ.ਆਈ ਇੰਸੀਚਿਊਟ ਦੇ ਸਟਾਫ ਨੂੰ ਨਾਲ ਲੈ ਕੇ ਦੋਨੇ ਸੰਸਥਾਵਾਂ ਦੇ ਕੈਂਪਸ ਅਤੇ ਇਨ੍ਹਾਂ ਸੰਸਥਾਵਾਂ ਦੇ ਨਾਲ ਲੱਗਦੇ ਬਰਸਾਤੀ ਨਾਲੇ ਦੇ ਰਕਬੇ ਦੀ ਪੂਰੀ ਛਾਣ-ਬੀਣ ਅਤੇ ਘੋਖ ਪੜਤਾਲ ਕੀਤੀ ਗਈ ਹੈ ।ਉਨ੍ਹਾਂ ਦੱਸਿਆ ਕਿ ਕਿਸੇ ਜਗ੍ਹਾਂ ਤੇ ਤੇਂਦੂਏ ਦੇ ਪੰਗ ਮਾਰਕ ਜਾਂ ਤੰਦੁਆਂ ਦਿਖਾਈ ਨਹੀਂ ਦਿੱਤਾ। ਇਸ ਸਬੰਧੀ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਸ ਕਾਰਨ ਕੋਈ ਵੀ ਡਰ,ਸਹਿਮ ਨਾ ਰੱਖਿਆ ਜਾਵੇ । ਉਨ੍ਹਾਂ ਕਿਹਾ ਕਿ ਜੇਕਰ ਕਿਧਰੇ ਵੀ ਤੇਂਦੂਏ ਦੀ ਕੋਈ ਵੀ ਸਪਾਟਿੰਗ ਹੁੰਦੀ ਹੈ ਤਾਂ ਤੁਰੰਤ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਸੂਚਿਤ ਕੀਤਾ ਜਾਵੇ ।ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਦੇ ਆਲੇ-ਦੁਆਲੇ ਲਾਈਟ ਵਗੈਰਾ ਲਗਾ ਕੇ ਰੋਸ਼ਨੀ ਰੱਖੀ ਜਾਵੇ, ਬਾਹਰ ਜਾਂਦੇ ਸਮੇਂ ਆਪਣੇ ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਪਾਲਤੂ ਜਾਨਵਰਾਂ ਦਾ ਧਿਆਨ ਰੱਖਿਆ ਜਾਵੇ।
ਉਨ੍ਹਾਂ ਕਿਹਾ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਇਸ ਸਬੰਧੀ ਪੂਰੀ ਚੌਕਸੀ ਵਰਤ ਰਿਹਾ ਹੈ ਅਤੇ ਇਸ ਬਾਬਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਤੇਂਦੁਏ ਬਾਬਤ ਜੇ ਕਿਸੇ ਨੂੰ ਕੋਈ ਸੂਚਨਾ ਮਿਲਦੀ ਹੈ ਤਾਂ ਇਸ ਸਬੰਧੀ ਵਣ ਮੰਡਲ ਅਫਸਰ (ਜੰਗਲੀ ਜੀਵ), ਰੂਪਨਗਰ:- 9876600181, ਵਣ ਰੇਂਜ ਅਫਸਰ (ਜੰਗਲੀ ਜੀਵ) ਮੁਹਾਲੀ 9056121924, 9872421924, ਵਣ ਵਿਭਾਗ ਟੋਲ ਫਰੀ 18001802323 ਇਸ ਤੋਂ ਇਲਾਵਾ ਪੁਲਿਸ ਕੰਟਰੋਲ ਰੂਮ ਨੰ 0172-2219211 ਤੇ ਸੰਪਰਕ ਕੀਤਾ ਜਾ ਸਕਦਾ ਹੈ ।