Wednesday, April 02, 2025

Punjab

ਬੱਸ ਸਰਵਿਸ ਸ਼ੁਰੂ ਹੋਣ ਦੇ 25 ਦਿਨਾਂ ਦੇ ਅੰਦਰ ਕਰੀਬ 17,500 ਸਵਾਰੀਆਂ ਨੇ ਦਿੱਲੀ ਹਵਾਈ ਅੱਡੇ ਤੱਕ ਕੀਤਾ ਸਫ਼ਰ : ਲਾਲਜੀਤ ਸਿੰਘ ਭੁੱਲਰ

Laljit Singh Bhullar

July 12, 2022 02:43 PM

ਚੰਡੀਗੜ੍ਹ : ਪੰਜਾਬ ਤੋਂ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਨਵੀਂ ਵਾਲਵੋ ਬੱਸ ਸੇਵਾ ਆਮ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਹੁਣ ਤੱਕ ਇਸ ਬੱਸ ਸਰਵਿਸ ਦਾ ਲਗਭਗ 17,500 ਸਵਾਰੀਆਂ ਲਾਹਾ ਲੈ ਚੁੱਕੀਆਂ ਹਨ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 15 ਜੂਨ ਨੂੰ ਬੱਸ ਸੇਵਾ ਦਾ ਉਦਘਾਟਨ ਕਰਨ ਦੇ 25 ਦਿਨਾਂ ਦੇ ਅੰਦਰ-ਅੰਦਰ ਪੰਜਾਬ ਤੋਂ ਦਿੱਲੀ ਕੌਮਾਂਤਰੀ ਏਅਰਪੋਰਟ ਦਰਮਿਆਨ ਚੱਲਣ ਵਾਲੀ ਵਾਲਵੋ ਬੱਸ ਸੇਵਾ ਆਮ ਲੋਕਾਂ ਲਈ ਫ਼ਾਇਦੇਮੰਦ ਸਾਬਤ ਹੋ ਰਹੀ ਹੈ।

ਮੰਤਰੀ ਨੇ ਕਿਹਾ ਕਿ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਦੀਆਂ 20 ਵਾਲਵੋ ਬੱਸਾਂ ਰੋਜ਼ਾਨਾ ਅੰਮਿ੍ਤਸਰ, ਪਠਾਨਕੋਟ, ਲੁਧਿਆਣਾ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਪਟਿਆਲਾ, ਨਵਾਂਸ਼ਹਿਰ, ਰੋਪੜ, ਮੋਗਾ ਅਤੇ ਚੰਡੀਗੜ੍ਹ ਤੋਂ ਕੌਮਾਂਤਰੀ ਏਅਰਪੋਰਟ ਨਵੀਂ ਦਿੱਲੀ ਤੱਕ ਚਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਮੁਕਾਬਲੇ ਅੱਧੇ ਤੋਂ ਵੀ ਘੱਟ ਕੀਮਤਾਂ 'ਤੇ ਬਹੁਤ ਥੋੜ੍ਹੇ ਕਿਰਾਏ 'ਚ ਸਸਤੀ, ਆਰਾਮਦਾਇਕ ਅਤੇ ਆਲੀਸ਼ਾਨ ਯਾਤਰਾ ਦੀ ਸਹੂਲਤ ਦੇ ਰਹੀਆਂ ਇਨ੍ਹਾਂ ਵਾਲਵੋ ਬੱਸਾਂ ਨੇ ਨਿੱਜੀ ਟਰਾਂਸਪੋਰਟਰਾਂ ਦੀ ਅਜਾਰੇਦਾਰੀ ਖ਼ਤਮ ਕਰਨ ਦਾ ਮੁੱਢ ਬੰਨ੍ਹ ਦਿੱਤਾ ਹੈ। ਬੱਸ ਕਾਊਂਟਰਾਂ 'ਤੇ ਟਿਕਟਾਂ ਦੀ ਬੁਕਿੰਗ ਤੋਂ ਇਲਾਵਾ ਏਅਰਪੋਰਟ ਜਾਣ ਦੇ ਚਾਹਵਾਨ ਯਾਤਰੀ ਆਨਲਾਈਨ ਬੁਕਿੰਗ ਦਾ ਵੀ ਨਿਰੰਤਰ ਲਾਭ ਲੈ ਰਹੇ ਹਨ।

ਟਰਾਂਸਪੋਰਟ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰੀ ਵਾਲਵੋ ਬੱਸਾਂ ਦੇ ਚੱਲਣ ਨਾਲ ਪ੍ਰਾਈਵੇਟ ਟਰਾਂਸਪੋਰਟ ਮਾਫ਼ੀਆ ਦਿਨ-ਬ-ਦਿਨ ਬੀਤੇ ਦੀ ਗੱਲ ਬਣਦਾ ਜਾ ਰਿਹਾ ਹੈ ਕਿਉਂਕਿ ਦਹਾਕਿਆਂ ਤੋਂ ਇਸ ਰੂਟ 'ਤੇ ਸਿਰਫ਼ ਪ੍ਰਾਈਵੇਟ ਟਰਾਂਸਪੋਰਟਰਾਂ ਨੇ ਹੀ ਆਪਣੀਆਂ ਬੱਸਾਂ ਚਲਾਈਆਂ ਅਤੇ ਲੋਕਾਂ ਨਾਲ ਧੱਕੇਸ਼ਾਹੀ ਕਰਕੇ ਉਨ੍ਹਾਂ ਦੀ ਲੁੱਟ ਕਰਦੇ ਰਹੇ। ਮੰਤਰੀ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਆਗੂ ਆਪਣੇ ਸੌੜੇ ਹਿੱਤਾਂ ਕਰਕੇ ਸਰਕਾਰੀ ਬੱਸਾਂ ਨੂੰ ਹਵਾਈ ਅੱਡੇ ਤੱਕ ਚਲਾਉਣ ਤੋਂ ਰੋਕਦੇ ਰਹੇ।

ਸ. ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਅਤੇ ਸੂਬੇ ਵਿੱਚੋਂ ਹਰ ਤਰ੍ਹਾਂ ਦੇ ਮਾਫ਼ੀਆ ਜਾਂ ਅਜਾਰੇਦਾਰੀ ਨੂੰ ਖ਼ਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।

Have something to say? Post your comment