ਮੋਹਾਲੀ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ 'SYL' 'ਤੇ ਬੈਨ ਹੋਣ ਮਗਰੋਂ ਹੁਣ ਗਾਇਕ ਕੰਵਰ ਗਰੇਵਾਲ ਦੇ 'ਰਿਹਾਈ' ਗੀਤ 'ਤੇ ਬੈਨ ਲਗਾ ਦਿੱਤਾ ਗਿਆ ਹੈ।YouTube ਵੱਲੋਂ ਭਾਰਤ 'ਚ ਇਹ ਗਾਣਾ ਬੈਨ ਕਰ ਦਿੱਤਾ ਗਿਆ ਹੈ।ਇਸਦਾ ਸ੍ਰੋਮਣੀ ਅਕਾਲੀ ਦਲ ਨੇ ਵਿਰੋਧ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸ਼ੁੱਕਰਵਾਰ ਨੂੰ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰਦੇ ਕੰਵਰ ਗਰੇਵਾਲ ਦੇ ਗੀਤ 'ਤੇ ਪਾਬੰਦੀ ਲਗਾਉਣ ਨੂੰ 'ਬਹੁਤ ਹੀ ਮੰਦਭਾਗਾ' ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕੰਵਰ ਗਰੇਵਾਲ ਵੱਲੋਂ ਗਾਇਆ ਗਿਆ ਗੀਤ ‘ਰਿਹਾਈ’ ਦੁਨੀਆਂ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਦਰਸਾਉਂਦਾ ਹੈ, ਜੋ ਉਮਰ ਕੈਦ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਸਿੱਖ ਕੈਦੀਆਂ ਨੂੰ ਲਗਾਤਾਰ ਜੇਲ੍ਹਾਂ ਕੱਟਣ ਤੋਂ ਬੇਹੱਦ ਦੁਖੀ ਹਨ।
ਅਕਾਲੀ ਦਲ ਨੇ ਟਵੀਟ ਕੀਤਾ, "ਸ਼੍ਰੋਮਣੀ ਅਕਾਲੀ ਦਲ ਨੇ ਨਾਗਰਿਕਾਂ ਦੇ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ਦੇ ਨਾਲ-ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਵਰ ਗਰੇਵਾਲ ਦੇ ਗੀਤ 'ਰਿਹਾਈ' 'ਤੇ ਪਾਬੰਦੀ ਹਟਾਉਣ ਲਈ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ। ਅਜਿਹੀਆਂ ਪਾਬੰਦੀਆਂ ਸਿਹਤਮੰਦ ਲੋਕਤੰਤਰ ਦੇ ਹਿੱਤ ਵਿੱਚ ਨਹੀਂ ਹਨ।"