Wednesday, April 02, 2025

Punjab

DGP ਗੌਰਵ ਯਾਦਵ ਵੱਲੋਂ ਪਟਿਆਲਾ ਦਾ ਅਚਨਚੇਤ ਦੌਰਾ

DGP Gaurav Yadav

July 07, 2022 06:14 PM

ਪਟਿਆਲਾ : ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਨੇ ਕਿਹਾ ਹੈ ਕਿ ਪੰਜਾਬ 'ਚੋਂ ਨਸ਼ਿਆਂ ਅਤੇ ਗੈਂਗਸਟਰਵਾਦ ਦਾ ਜੜ੍ਹ ਤੋਂ ਖਾਤਮਾ ਕਰਨਾ ਪੰਜਾਬ ਪੁਲਿਸ ਦੀ ਮੁੱਖ ਤਰਜੀਹ ਹੈ। ਪਟਿਆਲਾ ਜ਼ਿਲ੍ਹਾ ਪੁਲਿਸ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਲਈ ਅੱਜ ਅਚਨਚੇਤ ਪਟਿਆਲਾ ਪੁੱਜੇ ਡੀ.ਜੀ.ਪੀ. ਗੌਰਵ ਯਾਦਵ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਨਸ਼ਿਆਂ ਤੇ ਗੈਂਗਸਟਰਵਾਦ ਵਿਰੁੱਧ ਦਿਨ-ਰਾਤ ਇੱਕ ਕਰਕੇ ਠੋਸ ਕਾਰਵਾਈ ਕਰਨ ਲਈ ਵਚਨਬੱਧ ਹੈ।
ਇੱਥੇ ਪੁਲਿਸ ਲਾਈਨ ਵਿਖੇ ਆਈ.ਜੀ. ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ, ਐਸ.ਐਸ.ਪੀ. ਦੀਪਕ ਪਾਰੀਕ ਅਤੇ ਸਮੂਹ ਐਸ.ਪੀਜ਼ ਤੇ ਡੀ.ਐਸ.ਪੀਜ਼ ਨਾਲ ਸਮੀਖਿਆ ਮੀਟਿੰਗ ਕਰਦੇ ਹੋਏ ਡੀ.ਜੀ.ਪੀ. ਗੌਰਵ ਯਾਦਵ ਨੇ ਬੇਸਿਕ ਪੁਲਿਸਿੰਗ ਨੂੰ ਹੋਰ ਦਰੁਸਤ ਕੀਤੇ ਜਾਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਪੁਲਿਸ 'ਚ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੀਟਿੰਗ 'ਚ ਮੌਜੂਦ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੀ ਮੌਜੂਦ ਸਨ। ਡੀ.ਜੀ.ਪੀ. ਨੇ ਕਿਹਾ ਕਿ ਨਸ਼ਿਆਂ ਤੇ ਗੈਂਗਸਟਰਵਾਦ ਨੂੰ ਜੜ੍ਹ ਤੋਂ ਖਤਮ ਕਰਨ ਲਈ ਪੁਲਿਸ ਅਧਿਕਾਰੀ ਅਜਿਹੇ ਮਾਮਲਿਆਂ 'ਚ ਫੌਰੀ ਚਲਾਨ ਪੇਸ਼ ਕਰਨ ਅਤੇ ਦੋਸ਼ੀਆਂ ਨੂੰ ਅਦਾਲਤਾਂ 'ਚੋਂ ਸਜਾ ਕਰਵਾਉਣ ਤੱਕ ਮਾਮਲੇ ਦੀ ਖ਼ੁਦ ਮੋਨੀਟਰਿੰਗ ਕਰਨ।
ਡੀ.ਜੀ.ਪੀ. ਨੇ ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੁਲਿਸ ਦੇ ਆਮ ਨਾਗਰਿਕਾਂ ਨਾਲ ਸਬੰਧਾਂ ਨੂੰ ਹੋਰ ਬਿਹਤਰ ਬਣਾਇਆ ਜਾਵੇ ਅਤੇ ਐਸ.ਐਚ.ਓਜ਼ ਆਪਣੇ ਥਾਣਿਆਂ 'ਚ ਲੋਕਾਂ ਨੂੰ ਮਿਲਣਾ ਅਤੇ ਆਪਣੇ ਇਲਾਕਿਆਂ ਅੰਦਰ ਪੁਲਿਸ ਵਰਦੀ 'ਚ ਮੌਜੂਦ ਰਹਿਣਾ ਯਕੀਨੀ ਬਣਾਉਣ। ਸੋਸ਼ਲ ਮੀਡੀਆ ਨੂੰ ਗੰਭੀਰਤਾ ਨਾਲ ਮੋਨੀਟਰਿੰਗ ਕਰਨ ਦੀ ਹਦਾਇਤ ਕਰਦਿਆਂ ਡੀ.ਜੀ.ਪੀ. ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਸਮਾਜ ਵਿਰੋਧੀ ਤੱਤਾਂ 'ਤੇ ਨਿਗਰਾਨੀ ਰੱਖਦੇ ਹੋਏ ਚੌਕਸੀ ਵਰਤੀ ਜਾਵੇ ਤਾਂ ਕਿ ਕਿਸੇ ਵੀ ਸੰਵੇਦਨਸ਼ੀਲ ਮੁੱਦੇ 'ਤੇ ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਅਤੇ ਮਸਲੇ ਨੂੰ ਗੰਭੀਰ ਰੂਪ ਅਖ਼ਤਿਆਰ ਕਰਨ ਤੋਂ ਸਮੇਂ ਸਿਰ ਬਚਾਇਆ ਜਾ ਸਕੇ।
ਗੌਰਵ ਯਾਦਵ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦਿਆਂ ਬੇਸਿਕ ਪੁਲਿਸਿੰਗ ਦੇ ਅਧਾਰ 'ਤੇ ਠੋਸ ਸੂਚਨਾ ਇਕੱਤਰ ਕਰਕੇ ਨਸ਼ਿਆਂ ਦੇ ਵੱਡੇ ਤਸਕਰ ਗ੍ਰਿਫ਼ਤਾਰ ਕੀਤੇ ਜਾਣ ਅਤੇ ਨਸ਼ਿਆਂ ਦੀ ਸਪਲਾਈ ਲਾਈਨ ਤੋੜੀ ਜਾਵੇ। ਜਦਕਿ ਨਸ਼ਿਆਂ ਦੇ ਆਦੀ ਵਿਅਕਤੀਆਂ ਨੂੰ ਇਲਾਜ ਲਈ ਸਿਹਤ ਵਿਭਾਗ ਦੀ ਮਦਦ ਨਾਲ ਓਟ ਸੈਂਟਰਾਂ ਤੇ ਨਸ਼ਾ ਮੁਕਤੀ ਕੇਂਦਰਾਂ 'ਚ ਪਹੁੰਚਾਇਆ ਜਾਵੇ।
ਪੁਲਿਸ ਮੁਖੀ ਨੇ ਕਿਹਾ ਕਿ ਦਹਿਸ਼ਤਗਰਦ ਤੇ ਅੱਤਵਾਦੀ ਕਾਰਵਾਈਆਂ ਨੂੰ ਨੱਪਣਾ ਪੁਲਿਸ ਦੀ ਮੁਢਲੀ ਤਰਜੀਹ ਤਾਂ ਹੈ ਹੀ ਪਰੰਤੂ ਜ਼ਿਲ੍ਹਿਆਂ 'ਚ ਅਮਨ ਕਾਨੂੰਨ ਹਰ ਹਾਲ ਬਹਾਲ ਰੱਖਣ ਲਈ ਦੰਗਾ ਵਿਰੋਧੀ ਮਸ਼ਕਾਂ ਕੀਤੀਆਂ ਜਾਣ, ਪੈਟਰੋਲਿੰਗ, ਨਾਕਾਬੰਦੀ ਤੇਜ਼ ਕੀਤੀ ਜਾਵੇ ਅਤੇ ਪੁਲਿਸ ਲਾਇਨਾਂ 'ਚ ਰਿਜ਼ਰਵ ਬਟਾਲੀਅਨਾਂ ਤਿਆਰ ਰੱਖੀਆਂ ਜਾਣ।
ਗੌਰਵ ਯਾਦਵ ਨੇ ਦੱਸਿਆ ਕਿ ਉਹ ਹਰ ਜ਼ਿਲ੍ਹੇ 'ਚ ਜਾ ਕੇ ਜ਼ਿਲ੍ਹਾ ਪੁਲਿਸ ਦੀ ਸਮੀਖਿਆ ਕਰ ਰਹੇ ਹਨ ਅਤੇ ਸਮੂਹ ਐਸ.ਐਸ.ਪੀਜ਼ ਨੂੰ ਵੀ ਆਮ ਨਾਗਰਿਕਾਂ ਨੂੰ ਉੱਤਮ ਕਾਨੂੰਨ ਵਿਵਸਥਾ ਪ੍ਰਦਾਨ ਕਰਨ ਸਮੇਤ ਹਲਕਿਆਂ ਦੇ ਡੀ.ਐਸ.ਪੀਜ਼ ਵੱਲੋਂ ਕ੍ਰਾਈਮ ਸੀਨ ਵਿਜ਼ਟ ਕਰਨ, ਸੰਗੀਨ ਜ਼ੁਰਮਾਂ 'ਚ ਸਮਾਂ ਬੱਧ ਜਾਂਚ ਕਰਨ ਸਮੇਤ ਕਮਰਸ਼ੀਅਲ ਐਨ.ਡੀ.ਪੀ.ਐਸ. ਮਾਮਲਿਆਂ ਦੀ ਖ਼ੁਦ ਮੋਨੀਟਰਿੰਗ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਡੀ.ਜੀ.ਪੀ. ਨੇ ਲੰਬਿਤ ਅਤੇ ਗ਼ੈਰ-ਜਮਾਨਤੀ ਮਾਮਲਿਆਂ, ਭਗੌੜਿਆਂ, ਜੇਲਾਂ 'ਚ ਬੰਦ ਤੇ ਜਮਾਨਤਾਂ 'ਤੇ ਗੈਂਗਸਟਰਾਂ ਅਤੇ ਅੱਤਵਾਦੀ ਮਾਮਲਿਆਂ ਨਾਲ ਜੁੜੇ ਤੱਤਾ 'ਤੇ ਨਿਗਰਾਨੀ ਰੱਖਣ ਅਤੇ ਰਾਤ ਸਮੇਂ ਗਜ਼ਟਿਡ ਅਫ਼ਸਰਾਂ ਵੱਲੋਂ ਪੁਲਿਸ ਦੀ ਚੈਕਿੰਗ ਕਰਨ ਦੇ ਵੀ ਨਿਰਦੇਸ਼ ਦਿੱਤੇ। ਜ਼ਿਲ੍ਹਾ ਪੁਲਿਸ ਅਧਿਕਾਰੀਆਂ ਤੋਂ ਫੀਲਡ 'ਚ ਦਰਪੇਸ਼ ਮੁਸ਼ਕਿਲਾਂ ਨੂੰ ਸੁਣਦਿਆਂ ਡੀ.ਜੀ.ਪੀ. ਨੇ ਪਟਿਆਲਾ ਪੁਲਿਸ ਦੀ ਕਾਰਗੁਜ਼ਾਰੀ 'ਤੇ ਤਸੱਲੀ ਦਾ ਇਜ਼ਹਾਰ ਕੀਤਾ।
ਇਸ ਦੌਰਾਨ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਡੀ.ਜੀ.ਪੀ. ਦਾ ਸਵਾਗਤ ਕੀਤਾ ਅਤੇ ਐਸ.ਐਸ.ਪੀ. ਦੀਪਕ ਪਾਰੀਕ ਨੇ ਜ਼ਿਲ੍ਹਾ ਪੁਲਿਸ ਦੀ ਕਾਰਗੁਜ਼ਾਰੀ ਬਾਬਤ ਜਾਣਕਾਰੀ ਪ੍ਰਦਾਨ ਕੀਤੀ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਡੀ.ਜੀ.ਪੀ. ਨੂੰ ਦੱਸਿਆ ਕਿ ਪਟਿਆਲਾ ਜ਼ਿਲ੍ਹੇ 'ਚ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਬਿਹਤਰ ਤਾਲਮੇਲ ਯਕੀਨੀ ਬਣਾਇਆ ਜਾ ਰਿਹਾ ਹੈ। ਮੀਟਿੰਗ 'ਚ ਐਸ.ਪੀ ਡਾ. ਮਹਿਤਾਬ ਸਿੰਘ, ਏ.ਆਈ.ਜੀ. ਆਲਮ ਵਿਜੇ ਸਿੰਘ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਐਸ.ਪੀ. ਵਜ਼ੀਰ ਸਿੰਘ ਤੇ ਹਰਪਾਲ ਸਿੰਘ ਸਮੇਤ ਸਮੂਹ ਡੀ.ਐਸ.ਪੀਜ਼ ਮੌਜੂਦ ਸਨ।

Have something to say? Post your comment