ਹੈਦਰਾਬਾਦ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਅਗਲੇ 30-40 ਸਾਲ ਭਾਜਪਾ ਦਾ ਰਾਜ ਰਹੇਗਾ।ਉਨ੍ਹਾਂ ਕਿਹਾ ਕਿ ਭਾਜਪਾ ਤੇਲੰਗਾਨਾ ਤੇ ਪੱਛਮੀ ਬੰਗਾਲ ’ਚ ‘ਪਰਿਵਾਰਵਾਦ ਦੇ ਸ਼ਾਸਨ’ ਨੂੰ ਖ਼ਤਮ ਕਰੇਗੀ ਤੇ ਉਨ੍ਹਾਂ ਸੂਬਿਆਂ ’ਚ ਸਰਕਾਰ ਵੀ ਬਣਾਏਗੀ ਜਿਥੇ ਉਹ ਅਜੇ ਤੱਕ ਸੱਤਾ ਤੋਂ ਦੂਰ ਹੈ। ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਦੌਰਾਨ ਸਿਆਸੀ ਮਤਾ ਪੇਸ਼ ਕਰਦਿਆਂ ਸ਼ਾਹ ਨੇ ਵੰਸ਼ਵਾਦ, ਜਾਤੀਵਾਦ ਤੇ ਖਾਸ ਫਿਰਕਿਆਂ ਨੂੰ ਖੁਸ਼ ਕਰਨ ਦੀ ਸਿਆਸਤ ਖ਼ਤਮ ਕਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਕੀਤੇ ਗਏ ਵਿਕਾਸ ਤੇ ਵਧੀਆ ਪ੍ਰਦਰਸ਼ਨ ਕਾਰਨ ਹੁਣੇ ਜਿਹੇ ਹੋਈਆਂ ਚੋਣਾਂ ’ਚ ਜਿੱਤ ਹਾਸਲ ਹੋਈ ਹੈ।
ਉਨ੍ਹਾਂ ਕਿਹਾ ਕਿ ਵਿਕਾਸ ਦਾ ਅਗਲਾ ਦੌਰ ਦੱਖਣੀ ਭਾਰਤ ’ਚ ਸ਼ੁਰੂ ਕੀਤਾ ਜਾਵੇਗਾ। ਸ਼ਾਹ ਨੇ ਸਿਆਸੀ ਹਿੰਸਾ ਖ਼ਤਮ ਕਰਨ ਦਾ ਵੀ ਹੋਕਾ ਦਿੱਤਾ। ਉਨ੍ਹਾਂ ਸੁਪਰੀਮ ਕੋਰਟ ਦੇ ਉਸ ਫ਼ੈਸਲੇ ਨੂੰ ਇਤਿਹਾਸਕ ਕਰਾਰ ਦਿੱਤਾ ਜਿਸ ’ਚ ਗੁਜਰਾਤ ਦੰਗਿਆਂ ਦੇ ਮਾਮਲੇ ’ਚ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਸਮੇਤ 64 ਵਿਅਕਤੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ। ਸ਼ਾਹ ਦੇ ਭਾਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਕਿ ਮੋਦੀ ਨੇ ਕਦੇ ਵੀ ਕਾਂਗਰਸ ਆਗੂ ਰਾਹੁਲ ਗਾਂਧੀ ਵਾਂਗ ਨਾਟਕ ਨਹੀਂ ਕੀਤਾ ਜੋ ਈਡੀ ਸਾਹਮਣੇ ਪੇਸ਼ੀ ਸਮੇਂ ਉਨ੍ਹਾਂ ਕੀਤਾ ਸੀ। ਪਾਰਟੀ ਦੇ ਸਿਆਸੀ ਮਤੇ ’ਚ ਅਗਨੀਪਥ ਯੋਜਨਾ ਦੀ ਸ਼ਲਾਘਾ ਕੀਤੀ ਗਈ ਹੈ।