ਫਾਜ਼ਿਲਕਾ : ਫਾਜ਼ਿਲਕਾ ਦੇ ਨਜ਼ਦੀਕੀ ਪਿੰਡ ਬੱਧਾ ਨੇੜੇ ਇਕ ਖੇਤ 'ਚੋਂ ਪੁਰਾਣਾ ਬੰਬ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ। ਇਹ ਬੰਬ ਪਿੰਡ ਬੱਧਾ ਦੇ ਰਹਿਣ ਵਾਲੇ ਇੱਕ ਵਿਅਕਤੀ ਦੇ ਖੇਤ ਵਿੱਚੋਂ ਮਿਲਿਆ ਹੈ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਇਸ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਲਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਾਜ਼ਿਲਕਾ ਦੇ ਡੀਐਸਪੀ ਜੋਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬਾਧਾ ਦਾ ਰਹਿਣ ਵਾਲਾ ਸੁਰਜੀਤ ਸਿੰਘ ਆਪਣੇ ਖੇਤ ਵਿੱਚ ਝੋਨੇ ਲਈ ਖੇਤ ਵਾਹ ਰਿਹਾ ਸੀ। ਇਸ ਦੌਰਾਨ ਉਸ ਨੂੰ ਆਪਣੇ ਖੇਤ ਵਿੱਚ ਬੰਬ ਵਰਗੀ ਵਸਤੂ ਮਿਲੀ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਫਾਜ਼ਿਲਕਾ ਦੇ ਐਸਐਸਪੀ ਅਤੇ ਐਸਐਚਓ ਮੌਕੇ ’ਤੇ ਪੁੱਜੇ। ਇਸ ਤੋਂ ਬਾਅਦ ਬੰਬ ਨੂੰ ਚੁੱਕ ਕੇ ਸੁਰੱਖਿਅਤ ਥਾਂ 'ਤੇ ਰੱਖਿਆ ਗਿਆ।
ਬਾਅਦ ਵਿੱਚ ਬੀਐਸਐਫ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਬਰਾਮਦ ਹੋਏ ਬੰਬ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਨੂੰ ਪਤਾ ਲੱਗਾ ਕਿ ਇਹ 51 ਮੋਰਟਾਰ ਸੀ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ 1965 ਜਾਂ 1971 ਦੀ ਜੰਗ ਦੇ ਸਮੇਂ ਦਾ ਹੈ। ਉਦੋਂ ਤੋਂ ਇਹ ਉਥੇ ਹੀ ਪਿਆ ਹੈ। ਪੁਲਿਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।