ਫਿਰੋਜ਼ਪੁਰ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੋ ਦਿਨਾਂ ਬਾਅਦ ਫਿਰ ਪੰਜਾਬ ਦੇ 6 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ 16 ਸਤੰਬਰ 2021 ਨੂੰ ਜਲਾਲਾਬਾਦ ਵਿੱਚ ਹੋਏ ਬੰਬ ਧਮਾਕੇ ਦੀ ਜਾਂਚ ਵਿੱਚ ਮਿਲੀ ਸੂਚਨਾ ਤੋਂ ਬਾਅਦ ਕੀਤੀ ਗਈ ਸੀ। ਪੰਜਾਬ ਵਿੱਚ ਛਾਪੇਮਾਰੀ ਦੌਰਾਨ ਇਲੈਕਟ੍ਰਾਨਿਕ ਸਾਜ਼ੋ-ਸਾਮਾਨ, ਦਸਤਾਵੇਜ਼ਾਂ ਤੋਂ ਇਲਾਵਾ ਭਾਰੀ ਮਾਤਰਾ ਵਿੱਚ ਬਾਰੂਦ ਵੀ ਬਰਾਮਦ ਹੋਇਆ ਹੈ। NIA ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਦੇ ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਤਰਨਤਾਰਨ 'ਚ 6 ਟਿਕਾਣਿਆਂ 'ਤੇ ਇਹ ਛਾਪੇਮਾਰੀ ਕੀਤੀ ਗਈ। ਜ਼ਿਕਰਯੋਗ ਹੈ ਕਿ 16 ਸਤੰਬਰ 2021 ਨੂੰ ਜਲਾਲਾਬਾਦ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਕੋਲ ਇੱਕ ਮੋਟਰਸਾਈਕਲ ਵਿੱਚ ਧਮਾਕਾ ਹੋਇਆ ਸੀ। ਜਾਂਚ ਵਿੱਚ ਤਾਰ ਪਾਕਿਸਤਾਨ ਨਾਲ ਜੁੜੀਆਂ ਹੋਈਆਂ ਹਨ। ਸ਼ੁਰੂਆਤੀ ਜਾਂਚ 'ਚ ਫੜੇ ਗਏ ਅੱਤਵਾਦੀਆਂ ਦੇ ਪਾਕਿਸਤਾਨ 'ਚ ਲੁਕੇ ਅੱਤਵਾਦੀਆਂ ਅਤੇ ਸਮੱਗਲਰਾਂ ਨਾਲ ਸਬੰਧ ਸਨ। 1 ਅਕਤੂਬਰ 2021 ਨੂੰ ਕੇਸ ਨੂੰ ਐਨਆਈਏ ਨੇ ਆਪਣੇ ਹੱਥ ਵਿੱਚ ਲੈ ਲਿਆ ਸੀ ਅਤੇ ਜਾਂਚ ਸ਼ੁਰੂ ਕੀਤੀ।