ਸੰਗਰੂਰ: ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਪ੍ਰਚਾਰ ਦੀ ਮਿਆਦ ਅੱਜ ਖ਼ਤਮ ਹੋ ਗਈ ਹੈ। ਅੱਜ ਸੰਗਰੂਰ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦਾ ਵੀ ਸਮਾਂ ਆ ਗਿਆ ਹੈ, ਜੋ ਗੰਭੀਰ ਖ਼ਤਰੇ ਦੇ ਬਾਵਜੂਦ ਮੂਸੇਵਾਲਾ ਦੀ ਜਾਨ ਬਚਾਉਣ ਵਿੱਚ 'ਆਪ' ਸਰਕਾਰ ਦੀ ਮੁਜਰਮਾਨਾ ਲਾਪਰਵਾਹੀ ਅਤੇ ਅਸਫਲਤਾ ਦਾ ਨਤੀਜਾ ਸੀ।ਸੂਬਾ ਕਾਂਗਰਸ ਪ੍ਰਧਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਹੋਰ ਸਮਾਂ ਮੰਗਣ 'ਤੇ ਵੀ ਵਿਅੰਗ ਕੱਸਿਆ। ਉਨ੍ਹਾਂ ਸਵਾਲ ਕੀਤਾ ਕਿ ਤੁਹਾਨੂੰ ਸਮਾਂ ਕਿਉਂ ਚਾਹੀਦਾ ਹੈ ਤਾਂ ਜੋ ਮੂਸੇਵਾਲਾ ਵਾਂਗ ਗੈਂਗਸਟਰਾਂ ਤੋਂ ਲੋਕਾਂ ਨੂੰ ਮਰਵਾਇਆ ਜਾ ਸਕੇ ਜਾਂ ਪੰਜਾਬ ਨੂੰ ਪਟਿਆਲਾ ਵਾਂਗ ਫਿਰਕੂ ਦੰਗਿਆਂ ਵਿੱਚ ਧੱਕ ਦਿੱਤਾ ਜਾ ਸਕੇ ਜਾਂ ਫਿਰ ਸ਼ਰ੍ਹੇਆਮ ਲੋਕਾਂ ਤੋਂ ਫਿਰੌਤੀ ਮੰਗਣ ਵਾਲੇ ਗੈਂਗਸਟਰਾਂ ਨੂੰ ਮਜ਼ਬੂਤ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਤੁਸੀਂ ਦਲ-ਬਦਲੂਆਂ ਨੂੰ ਅਜ਼ਮਾਇਆ ਅਤੇ ਛੱਡ ਦਿੱਤਾ ਹੈ ਅਤੇ ਦੂਜੇ ਪਾਸੇ ਦਿੱਲੀ ਦਰਬਾਰ ਦੇ ਪਿੱਠੂ ਹਨ।ਸੂਬਾ ਕਾਂਗਰਸ ਪ੍ਰਧਾਨ ਸਿੱਧੂ ਮੂਸੇਵਾਲਾ ਦੇ ਭੋਗ ਤੋਂ ਬਾਅਦ ਇੱਥੇ ਨਿੱਜੀ ਤੌਰ ’ਤੇ ਠਹਿਰੇ ਹੋਏ ਸਨ। ਉਨ੍ਹਾਂ ਕਿਹਾ ਕਿ ਮਾਲਵੇ ਦੇ ਦਿਲ ਮੰਨੇ ਜਾਂਦੇ ਸੰਗਰੂਰ ਖੇਤਰ ਦੇ ਲੋਕਾਂ ਲਈ ਹਰ ਫਰੰਟ 'ਤੇ ਫੇਲ੍ਹ ਰਹੀ ਆਪ ਦੀ ਸਰਕਾਰ ਨੂੰ ਸਬਕ ਸਿਖਾਉਣ ਦਾ ਇਹ ਸੁਨਹਿਰੀ ਮੌਕਾ ਹੈ। ਉਨ੍ਹਾਂ ਪੰਜਾਬੀਆਂ ਨੂੰ ਕਿਹਾ ਕਿ ਭਾਵੇਂ ਬਾਹਰੋਂ ਰਾਜ ਸਭਾ ਦੇ ਉਮੀਦਵਾਰਾਂ ਨੂੰ ਸ਼ੱਕੀ ਢੰਗ ਨਾਲ ਲਿਆਉਣਾ ਅਤੇ ਥੋਪਣਾ ਜਾਂ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਅਜ਼ਾਦੀ ਦੇਣੀ ਹੋਵੇ, ਇਨ੍ਹਾਂ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਵਾਉਣ ਦਾ ਸਮਾਂ ਆ ਗਿਆ ਹੈ।