Friday, April 04, 2025

Punjab

ਵਿਜੀਲੈਂਸ ਬਿਊਰੋ ਨੇ IAS ਸੰਜੇ ਪੋਪਲੀ 1 ਫੀਸਦੀ ਕਮਿਸ਼ਨ ਦੀ ਮੰਗ ਕਰਨ ਦੇ ਦੋਸ਼ ਤਹਿਤ ਕੀਤਾ ਗ੍ਰਿਫਤਾਰ

IAS Sanjay Popli

June 21, 2022 05:05 PM

 

ਚੰਡੀਗੜ :ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭਿ੍ਰਸ਼ਟਾਚਾਰ ਵਿਰੁੱਧ ਜ਼ੀਰੋ-ਟੌਲਰੈਂਸ ਅਪਣਾਉਂਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਨੇ ਆਈ.ਏ.ਐਸ. ਅਧਿਕਾਰੀ ਸੰਜੇ ਪੋਪਲੀ ਨੂੰ ਨਵਾਂਸ਼ਹਿਰ ਵਿਖੇ ਸੀਵਰੇਜ ਪਾਈਪ ਲਾਈਨ ਪਾਉਣ ਦੇ ਟੈਂਡਰਾਂ ਨੂੰ ਮਨਜੂਰੀ ਦੇਣ ਲਈ ਕਥਿਤ ਤੌਰ ‘ਤੇ ਰਿਸ਼ਵਤ ਵਜੋਂ 1ਫੀਸਦ ਕਮਿਸ਼ਨ ਦੀ ਮੰਗ ਕਰਨ ਦੇ ਦੋਸ਼ ਵਿੱਚ ਗਿ੍ਰਫਤਾਰ ਕੀਤਾ ਹੈ। ਉਕਤ ਅਧਿਕਾਰੀ ਦੇ ਸਾਥੀ ,ਜਿਸ ਦੀ ਪਛਾਣ ਸੰਦੀਪ ਵਤਸ ਵਜੋਂ ਹੋਈ , ਨੂੰ ਵੀ ਜਲੰਧਰ ਤੋਂ ਕਾਬੂ ਕੀਤਾ ਗਿਆ ਹੈ ।

ਹਰਿਆਣਾ ਦੇ ਕਰਨਾਲ ਦੇ ਸ਼ਿਕਾਇਤਕਰਤਾ ਸੰਜੇ ਕੁਮਾਰ, ਜੋ ਕਿ ਦਿਖਾਦਲਾ ਕੋਆਪ੍ਰੇਟਿਵ ਸੋਸਾਇਟੀ ਲਿਮਟਡ ਨਾਮ ਦੀ ਇੱਕ ਫਰਮ ਦੇ ਨਾਲ ਇੱਕ ਸਰਕਾਰੀ ਠੇਕੇਦਾਰ ਹੈ, ਨੇ ਭਿ੍ਰਸ਼ਟਾਚਾਰ ਵਿਰੋਧੀ ਹੈਲਪਲਾਈਨ ਰਾਹੀਂ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਕਿ ਸੰਜੇ ਪੋਪਲੀ, ਆਈ.ਏ.ਐਸ., ਜਦੋਂ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ. ) ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਵਜੋਂ ਤਾਇਨਾਤ ਸਨ, ਨੇ ਆਪਣੇ ਸਹਾਇਕ ਸਕੱਤਰ ਸੰਦੀਪ ਵਤਸ ਦੀ ਮਿਲੀਭੁਗਤ ਨਾਲ 7.30 ਕਰੋੜ ਰੁਪਏ ਦੇ ਟੈਂਡਰ ਕਲੀਅਰ ਕਰਨ ਲਈ ਰਿਸ਼ਵਤ ਦੀ ਮੰਗ ਕੀਤੀ ਸੀ।

ਸ਼ਿਕਾਇਤਕਰਤਾ ਨੇ ਦੱਸਿਆ ਕਿ 12 ਜਨਵਰੀ, 2022 ਵਾਲੇ ਦਿਨ ਸੰਦੀਪ ਦੇ ਵਟਸਐਪ ਤੋਂ ਉਸਨੂੰ ਕਾਲ ਆਈ, ਜਿਸ ਵਿੱਚ ਸੰਜੇ ਪੋਪਲੀ ਦੀ ਤਰਫੋਂ ਟੈਂਡਰ ਅਲਾਟਮੈਂਟ ਲਈ 7 ਲੱਖ ਰੁਪਏ (7 ਕਰੋੜ ਰੁਪਏ ਦੇ ਪ੍ਰੋਜੈਕਟ ਦਾ 1ਫੀਸਦ) ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਉਸਨੇ ਡਰ ਕੇ ਆਪਣੇ ਪੀ.ਐਨ.ਬੀ. ਖਾਤੇ ਵਿੱਚੋਂ 3.5 ਲੱਖ ਰੁਪਏ ਕਢਵਾ ਕੇ ਸੈਕਟਰ-20, ਚੰਡੀਗੜ ਵਿਖੇ ਇੱਕ ਕਾਰ ਵਿੱਚ ਸੰਦੀਪ ਵਤਸ ਨੂੰ ਦੇ ਦਿੱਤੇ। ਉਸਨੇ ਦੱਸਿਆ ਕਿ ਰਕਮ ਪ੍ਰਾਪਤ ਕਰਨ ਤੋਂ ਬਾਅਦ ਸੰਦੀਪ ਵਤਸ ਨੇ ਸੰਜੇ ਪੋਪਲੀ ਨੂੰ ਉਸਦੇ ਵਟਸਐਪ ਨੰਬਰ ‘ਤੇ ਕਾਲ ਕਰਕੇ ਪੁਸ਼ਟੀ ਵੀ ਕੀਤੀ ਅਤੇ ਆਪਣੇ ਲਈ ਵੀ 5000 ਰੁਪਏ ਲਏ ਸਨ।

ਹਾਲਾਂਕਿ ਸ਼ਿਕਾਇਤਕਰਤਾ ਨੇ ਸੰਜੇ ਪੋਪਲੀ ਦੇ ਨਾਂ ’ਤੇ ਸੰਦੀਪ ਵਤਸ ਵੱਲੋਂ ਵਾਰ-ਵਾਰ ਮੰਗੇ ਜਾ ਰਹੇ ਬਾਕਾਇਆ 3.5 ਲੱਖ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸ਼ਿਕਾਇਤਕਰਤਾ ਨੇ ਸਾਰੀ ਗੱਲਬਾਤ ਦੀ ਵੀਡੀਓ ਰਿਕਾਰਡਿੰਗ ਵੀ ਬਣਾ ਕੇ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਹੈ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸੰਜੇ ਕੁਮਾਰ ਦੇ ਬਿਆਨਾਂ ਦੇ ਨਾਲ-ਨਾਲ ਉਸ ਵੱਲੋਂ ਪੇਸ਼ ਕੀਤੇ ਵੀਡੀਓ ਸਬੂਤਾਂ ਦੇ ਆਧਾਰ ‘ਤੇ ਆਈ.ਏ.ਐਸ ਅਧਿਕਾਰੀ ਸੰਜੇ ਪੋਪਲੀ ਅਤੇ ਸੰਦੀਪ ਵਤਸ ਵਿਰੁੱਧ ਟੈਂਡਰ ਅਲਾਟ ਕਰਨ ਬਦਲੇ 1 ਫੀਸਦੀ ਰਿਸ਼ਵਤ ਮੰਗਣ ਅਤੇ 3.5 ਲੱਖ ਰੁਪਏ ਪ੍ਰਾਪਤ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।

ਜਿਕਰਯੋਗ ਹੈ ਕਿ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਭਗਵੰਤ ਮਾਨ ਨੇ ਭਿ੍ਰਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ 9501200200 ਦੀ ਸੁਰੂਆਤ ਕੀਤੀ ਅਤੇ ਪੰਜਾਬ ਦੇ ਲੋਕਾਂ ਨੂੰ ਭਿ੍ਰਸ਼ਟਾਚਾਰ ਨਾਲ ਸਬੰਧਤ ਸ਼ਿਕਾਇਤਾਂ ਵਟਸਐਪ ਰਾਹੀਂ ਸਾਂਝੀਆਂ ਕਰਨ ਦੀ ਅਪੀਲ ਕੀਤੀ ਸੀ ਤਾਂ ਜੋ ਸੂਬੇ ਨੂੰ ਭਿ੍ਰਸਟਾਚਾਰ ਮੁਕਤ ਬਣਾਇਆ ਜਾ ਸਕੇ। ਇਸ ਹੈਲਪਲਾਈਨ ਦੀ ਸ਼ੁਰੁਆਤ ਤੋਂ ਬਾਅਦ ਸੂਬੇ ਦੇ ਸਿਹਤ ਮੰਤਰੀ ਵਿਜੇ ਸਿੰਗਲਾ, ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਸਮੇਤ ਕਈ ਨਾਮੀ ਲੋਕਾਂ ਨੂੰ ਭਿ੍ਰਸ਼ਟਾਚਾਰ ਦੇ ਦੋਸ਼ਾਂ ਹੇਠ ਗਿ੍ਰਫਤਾਰ ਕੀਤਾ ਗਿਆ ਹੈ।

Have something to say? Post your comment