ਮੋਹਾਲੀ : ਬਾਦਲ ਪਰਿਵਾਰ ਦੇ ਹੋਟਲ ਸੁੱਖਵਿਲਾਸ ਦੀ ਜਾਂਚ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੀਐਮ ਭਗਵੰਤ ਮਾਨ ਨੂੰ ਵੰਗਾਰਿਆ ਹੈ। ਉਨ੍ਹਾਂ ਕਿਹਾ ਕਿ ਹੈ ਕਿ ਜੇ ਕੁਝ ਗਲਤ ਹੈ ਤਾਂ ਕਾਰਵਾਈ ਕਰੋ। ਉਨ੍ਹਾਂ ਕਿਹਾ ਕਿ ਜੇਕਰ ਸੀਐਮ ਭਗਵੰਤ ਮਾਨ ਜਾਂਚ ਕਰਵਾਉਣਾ ਚਾਹੁੰਦੇ ਹਨ ਤਾਂ ਕਰਵਾ ਲੈਣ। ਸਾਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕਿਉਂਕਿ ਹੋਟਲ ਸੁੱਖਵਿਲਾਸ ਦੀ ਉਸਾਰੀ ਵਿੱਚ ਕੁਝ ਵੀ ਗਲਤ ਨਹੀਂ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਨੇੜੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਬਣੇ ਸੁਖਵਿਲਾਸ ਹੋਟਲ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਸੀਐਮ ਭਗਵੰਤ ਮਾਨ ਨੇ ਬਾਦਲ ਪਰਿਵਾਰ ਦੇ ਹੋਟਲ ਸੁੱਖਵਿਲਾਸ ਦੀ ਜਾਂਚ ਕਰਵਾਉਣ ਦੀ ਗੱਲ ਕਹੀ ਹੈ। ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਬਾਦਲ ਪਰਿਵਾਰ ਨੇ ਹੋਟਲ ਸੁੱਖਵਿਲਾਸ ਬਣਾਉਣ ਵੇਲੇ ਨਿਯਮਾਂ ਦੀ ਉਲੰਘਣਾ ਕੀਤੀ ਹੈ।ਦਰਅਸਲ ਸੰਗਰੂਰ ਵਿੱਚ ਚੋਣ ਪ੍ਰਚਾਰ ਦੌਰਾਨ ਸੀਐਮ ਭਗਵੰਤ ਮਾਨ ਨੇ ਕਿਹਾ ਸੀ ਕਿ ਸੁਖਵਿਲਾਸ ਹੋਟਲ ਦਾ ਨਾਮ ਤਾਂ ਹਰ ਕਿਸੇ ਨੇ ਸੁਣਿਆ ਹੀ ਹੋਵੇਗਾ। ਇਹ ਹੋਟਲ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਬਣਿਆ ਹੈ। ਇਹ ਸੁਖਬੀਰ ਬਾਦਲ ਦਾ ਹੋਟਲ ਹੈ। ਇਹ ਜੰਗਲਾਤ ਵਿਭਾਗ ਦੀ ਜ਼ਮੀਨ ਹੈ। ਉਥੇ ਕੋਈ ਉਸਾਰੀ ਨਹੀਂ ਹੋ ਸਕਦੀ। ਸੁਖਬੀਰ ਬਾਦਲ ਨੇ ਆਪਣੇ ਹੱਕ ਵਿੱਚ ਫੈਸਲਾ ਲਿਆ ਹੈ। ਇਸ ਦੇ ਵੀ ਕਾਗਜ਼ਾਤ ਕਢਵਾ ਰਹੇ ਹਾਂ।