ਚੰਡੀਗੜ੍ਹ : ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਦਰਅਸਲ ਪੰਜਾਬ ਵਿਜੀਲੈਂਸ ਵਿਭਾਗ ਦੀ ਟੀਮ ਨੇ ਸੋਮਵਾਰ ਦੇਰ ਸ਼ਾਮ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਸੈਕਟਰ-20 ਸਥਿਤ ਘਰ ’ਤੇ ਛਾਪੇਮਾਰੀ ਕੀਤੀ ਸੀ। ਹੁਣ ਵਿਜੀਲੈਂਸ ਬਿਊਰੋ ਨੇ ਸੈਣੀ ਵਿਰੁਧ ਨਾਜਾਇਜ਼ ਜਾਇਦਾਦ ਦਾ ਪਰਚਾ ਦਰਜ ਕੀਤਾ ਹੈ। ਇਥੇ ਦਸ ਦਈਏ ਕਿ ਇਸੇ ਸਬੰਧੀ ਬੀਤੀ ਦੇਰ ਸ਼ਾਮ ਵਿਜੀਲੈਂਸ ਬਿਊਰੋ ਸਣੇ ਪੁਲਿਸ ਦੀ ਟੀਮ ਉਨ੍ਹਾਂ ਦੇ ਘਰ ਪਹੁੰਚੀ। ਵਿਜੀਲੈਂਸ ਟੀਮ ਨੇ ਕੋਠੀ ਦੇ ਮੁੱਖ ਗੇਟ ਤੋਂ ਇਲਾਵਾ ਪਿਛਲੇ ਪਾਸੇ ਨੂੰ ਵੀ ਘੇਰ ਲਿਆ। ਮਾਮਲੇ ਸਬੰਧੀ ਸੀਨੀਅਰ ਵਿਜੀਲੈਂਸ ਅਫ਼ਸਰ ਨੇ ਦੱਸਿਆ ਕਿ ਸੁਮੇਧ ਸਿੰਘ ਸੈਣੀ ਵਿਰੁਧ ਵਿਜੀਲੈਂਸ ਵਿਭਾਗ ਵੱਲੋਂ ਅਸਾਧਾਰਣ ਜਾਇਦਾਦ ਦੇ ਨਵੇਂ ਸਬੂਤ ਇਕੱਠੇ ਕਰਨ ਲਈ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਇੱਕ ਨਵੀਂ FIR ਦਰਜ ਕੀਤੀ ਗਈ ਹੈ, ਜਿਸ ਲਈ ਵਿਜੀਲੈਂਸ ਦੀ ਟੀਮ ਨੇ ਸੈਣੀ ਦੀ ਗ੍ਰਿਫ਼ਤਾਰੀ ਲਈ ਘਰ ‘ਚ ਛਾਪਾ ਮਾਰਿਆ ਹੈ। ਦੱਸ ਦਈਏ ਕਿ ਵਿਜੀਲੈਂਸ ਦੀ ਟੀਮ ਦੀ ਰਾਤ ਤੋਂ ਲੈ ਕੇ ਛਾਪੇਮਾਰੀ ਅਜੇ ਤੱਕ ਜਾਰੀ ਹੈ।