ਸੰਗਰੂਰ/ ਬਰਨਾਲਾ : ‘ਪੰਜਾਬ ਸਰਕਾਰ ਕਾਰੋਬਾਰੀਆਂ ਅਤੇ ਉਦਯੋਪਤੀਆਂ ਲਈ ਈ- ਗਵਰਨਮੈਂਟ ਤਹਿਤ ਸਿੰਗਲ ਵਿੰਡੋ ਵਿਵਸਥਾ ਲਾਗੂ ਕਰੇਗੀ ਤਾਂ ਜੋ ਕਾਰੋਬਾਰ ਅਤੇ ਉਦਯੋਗ ਸਥਾਪਤ ਕਰਨ ’ਚ ਆ ਰਹੀਆਂ ਮੁਸ਼ਕਲਾਂ ਦਾ ਸੌਖੇ ਤਰੀਕੇ ਨਾਲ ਹੱਲ ਹੋ ਸਕੇ। ’ ਇਹ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ ਸਿਸੋਦੀਆ ਲੋਕ ਸਭਾ ਹਲਕੇ ਦੇ ਵਪਾਰੀਆਂ ਅਤੇ ਉਦਯੋਪਤੀਆਂ ਨੂੰ ਬਰਨਾਲਾ, ਸੰਗਰੂਰ ਅਤੇ ਸੁਨਾਮ ’ਚ ਵਿਸ਼ੇਸ਼ ਤੌਰ ’ਤੇ ਮਿਲਣ ਲਈ ਆਏ ਸਨ। ਮਾਨ ਨੇ ਦੱਸਿਆ ਕਿ ਸਿੰਗਲ ਵਿੰਡੋ ਸਿਸਟਮ ਲਾਗੂ ਹੋਣ ਨਾਲ ਕਾਰੋਬਾਰੀਆ ਅਤੇ ਉਦਯੋਗਪਤੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਹ ਸੌਖੇ ਤੇ ਪਾਰਦਰਸ਼ੀ ਤਰੀਕੇ ਨਾਲ ਐਨ.ਓ.ਸੀ. ਸਮੇਤ ਹੋਰ ਮੰਨਜੂਰੀਆਂ ਪ੍ਰਾਪਤ ਕਰ ਸਕਣਗੇ। ਇਸ ਨਾਲ ਸੂਬੇ ’ਚ ਕਾਰੋਬਾਰ ਸਥਾਪਤ ਕਰਨ ’ਚ ਆਸਾਨੀ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਪਿੱਛੜੇ ਜ਼ਿਲ੍ਹੇ ਵਜੋਂ ਜਾਣੇ ਜਾਂਦੇ ਸੰਗਰੂਰ ’ਚ ਹਸਪਤਾਲ, ਸਕੂਲ, ਕਾਲਜ, ਕੰਪਨੀਆਂ ਦੇ ਦਫ਼ਤਰ ਅਤੇ ਉਦਯੋਗ ਸਥਾਪਤ ਕਰਕੇ ਇਸ ਨੂੰ ਪੰਜਾਬ ਦਾ ਰੋਲ਼ ਮਾਡਲ ਜ਼ਿਲ੍ਹਾ ਬਣਾਇਆ ਜਾਵੇਗਾ। ਇੱਥੇ ਰੋਜ਼ਗਾਰ ਸਥਾਪਤ ਹੋਣਗੇ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਣ ਨਾਲ ਹਲਕੇ ਵਿਚੋਂ ਬੇਰੁਜ਼ਗਾਰੀ ਖ਼ਤਮ ਹੋ ਜਾਵੇਗੀ। ਮਾਨ ਨੇ ਕਿਹਾ ਕਿ ਤਿੰਨ ਮਹੀਨਿਆਂ ’ਚ 6 ਹਜ਼ਾਰ ਏਕੜ ਪੰਚਾਇਤੀ ਜ਼ਮੀਨ ਤੋਂ ਕਬਜੇ ਛੁਡਵਾਏ ਗਏ ਹਨ ਅਤੇ ਜਲਦੀ ਹੀ 60 ਹਜ਼ਾਰ ਏਕੜ ਪੰਚਾਇਤੀ ਅਤੇ ਸਰਕਾਰੀ ਜ਼ਮੀਨ ਤੋਂ ਪ੍ਰਭਾਵਸ਼ਾਲੀ ਲੋਕਾਂ ਦੇ ਕਬਜੇ ਛੁਡਾਉਣ ਲਈ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਸੂਬੇ ਦੀ ਕਾਨੂੰਨ ਵਿਵਸਥਾ ਬਾਰੇ ਰੌਲ਼ਾ ਪਾਉਣ ਵਾਲੀਆਂ ਵਿਰੋਧੀ ਪਾਰਟੀਆਂ ਦੀ ਅਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਸਮੇਤ ਭਾਰਤੀ ਜਨਤਾ ਪਾਰਟੀ ਦੇ ਆਗੂ ‘ਆਪ ਸਰਕਾਰ’ ਦੇ ਕੰਮਾਂ ਨੂੰ ਦੇਖ ਕੇ ਬੁਖਲਾਹਟ ਵਿੱਚ ਆ ਗਏ ਹਨ ਅਤੇ ਉਹ ਆਪਣੀਆਂ ਬੇਤੁਕੀਆਂ ਟਿੱਪਣੀਆਂ ਨਾਲ ‘ਆਪ ਸਰਕਾਰ’ ਦੀ ਸਾਫ਼ ਸੁਥਰੀ ਦਿਖ ਨੂੰ ਖ਼ਰਾਬ ਕਰਨ ਦੀ ਕੋਸ਼ਿਸ ਕਰ ਰਹੇ ਹਨ। ਮਾਨ ਨੇ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ‘ਆਪ’ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋ ਨੂੰ ਆਪਣਾ ਪਿਆਰ ਦੇ ਕੇ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਗੁਰਮੇਲ ਸਿੰਘ ਨੇ ਸਰਪੰਚ ਹੁੰਦਿਆਂ ਪਿੰਡ ਦੀ ਜ਼ਮੀਨ ਦੀ ਰੱਖਿਆ ਕੀਤੀ ਸੀ ਅਤੇ ਉਹ ਵੱਡੀ ਪੰਚਾਇਤ ਵਿੱਚ ਜਾ ਕੇ ਵਪਾਰੀਆਂ ਅਤੇ ਉਦਯੋਗਪਤੀਆਂ ਦੇ ਹੱਕਾਂ ਦੀ ਰਾਖੀ ਵੀ ਜ਼ਰੂਰ ਕਰੇਗਾ।
ਇਸ ਮੌਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ ਸਿਸੋਦੀਆ ਨੇ ਵਪਾਰੀਆਂ ਅਤੇ ਉਦਯੋਪਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਕਾਰਜਸ਼ੈਲੀ ਬਹੁਤ ਹੀ ਸ਼ਲਾਘਾਯੋਗ ਹੈ, ਜੋ ਹਰ ਸਮੇਂ ਲੋਕ ਪੱਖੀ ਫ਼ੈਸਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਤਿੰਨ ਮਹੀਨਿਆਂ ਦੇ ਸ਼ਾਸਨ ’ਚ ਲੋਕਾਂ ਅਤੇ ਵਪਾਰੀਆਂ ਦੀ ਸਹੂਲਤ ਲਈ ਮਾਨ ਸਰਕਾਰ ਵੱਲੋਂ ਚੰਗੇ ਕੰਮ ਕੀਤੇ ਗਏ ਹਨ ਅਤੇ ਸਰਕਾਰੀ ਵਿਭਾਗਾਂ ’ਚੋਂ ਭ੍ਰਿਸ਼ਟਾਚਾਰ ਕੀਤਾ ਖ਼ਤਮ ਕਰਕੇ ਉਦਯੋਪਤੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ।
ਵਿਰੋਧੀਆਂ ਪਾਰਟੀਆਂ ’ਤੇ ਤਿੱਖੇ ਹਮਲੇ ਬੋਲਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਦੇ ਆਗੂ ਆਪਣੀਆਂ ਤਿਜ਼ੌਰੀਆਂ ਭਰਨ ’ਤੇ ਧਿਆਨ ਦਿੰਦੇ ਸਨ ਅਤੇ ਵੱਖ ਵੱਖ ਯੋਜਨਾਵਾਂ ’ਚ ਭ੍ਰਿਸ਼ਟਾਚਾਰ ਕਰਦੇ ਸਨ। ਪਰ ਮਾਨ ਸਰਕਾਰ ਸੂਬੇ ਦੇ ਗੁਆਚੇ ਮਾਣ ਸਨਮਾਨ ਨੂੰ ਮੁੱੜ ਬਹਾਲ ਕਰਨ ਲਈ ਮਿਹਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਨਵੇਂ ਸਕੂਲ, ਕਾਲਜ ਅਤੇ ਹਸਪਤਾਲ ਬਣਾਏ ਜਾਣਗੇ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕੀਤਾ ਜਾਵੇਗਾ। ਇਸ ਦੇ ਲਈ ਮਾਨ ਸਰਕਾਰ ਨੇ ਪਹਿਲਾਂ ਹੀ 25, 000 ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਦੇਣ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ।
ਸਿਸੋਦੀਆ ਨੇ ‘ਆਪ’ ਮੰਤਰੀਆਂ ਦੀ ਦ੍ਰਿੜ ਇੱਛਾ ਸ਼ਕਤੀ ਦਾ ਖੁਲਾਸਾ ਕਰਦਿਆਂ ਕਿਹਾ, ‘‘ਮੈਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਪੁੱਛਿਆ ਕਿ ਸਰਕਾਰੀ ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਸਮੇਂ ਉਨ੍ਹਾਂ ਨੂੰ ਮਾਫੀਆ ਤੋਂ ਡਰ ਨਹੀਂ ਲੱਗਦਾ, ਤਾਂ ਇਸ ਦੇ ਜਵਾਬ ’ਚ ਧਾਲੀਵਾਲ ਨੇ ਕਿਹਾ ਕਿ ਲੋਕਾਂ ਨੇ ਪਿਛਲੇ ਮਾੜੇ ਆਗੂਆਂ ਵੱਲੋਂ ਫ਼ੈਲਾਈ ਗੰਦਗੀ ਸਾਫ਼ ਕਰਨ ਲਈ ਹੀ ਉਨ੍ਹਾਂ ਨੂੰ ਮੰਤਰੀ ਬਣਾਇਆ ਹੈ।’’ ਉਨ੍ਹਾਂ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਪੰਜਾਬ ਨੂੰ ਫਿਰ ਤੋਂ ਪ੍ਰਗਤੀਸ਼ੀਲ ਸੂਬਾ ਬਣਾਉਣ ਲਈ ਕੀਤੇ ਜਾ ਰਹੇ ਕੰਮ ’ਤੇ ਪ੍ਰਸੰਸਾ ਵੀ ਕੀਤੀ।
ਮਨੀਸ਼ ਸਿਸੋਦੀਆਂ ਨੇ ਵਪਾਰੀਆਂ , ਉਦਯੋਗਪਤੀਆਂ ਸਮੇਤ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸੰਗਰੂਰ ਜ਼ਿਮਨੀ ਚੋਣ ਲਈ ‘ਆਪ’ ਉਮੀਦਵਾਰ ਗੁਰਮੇਲ ਸਿੰਘ ਨੂੰ ਭਾਰੀ ਬਹੁਮਤ ਨਾਲ ਜਿਤਾਉਣ। ਉਨ੍ਹਾਂ ਕਿਹਾ, ‘‘ਜਿਵੇਂ ਤੁਸੀਂ ਆਪਣੇ ਪਿਆਰੇ ਭਗਵੰਤ ਮਾਨ ’ਤੇ ਪਿਆਰ ਵਰਸਾ ਕੇ ਸੰਗਰੂਰ ਤੋਂ ਦੋ ਵਾਰ ਸੰਸਦ ਮੈਂਬਰ ਬਣਾਇਆ ਅਤੇ ਫਿਰ ਪੰਜਾਬ ਦਾ ਮੁੱਖ ਮੰਤਰੀ। ਇਸੇ ਤਰ੍ਹਾਂ 23 ਜੂਨ ਨੂੰ ਆਪਣੀ ਇੱਕ ਇੱਕ ਵੋਟ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ’ਚ ਝਾੜੂ ਦੇ ਨਿਸ਼ਾਨ ’ਤੇ ਜ਼ਰੂਰ ਪਾਉਣਾ ਤਾਂ ਜੋ ਪੰਜਾਬ ਦੇ ਹੱਕਾਂ ਲਈ ਸੰਸਦ ਵਿੱਚ ਵੀ ਆਵਾਜ਼ ਗੂੰਜਦੀ ਰਹੇ।’’