Wednesday, April 02, 2025

Punjab

ਅਕਾਲੀ ਤੇ ਕਾਂਗਰਸੀਆਂ ਨੇ ਗੈਂਗਸਟਰਾਂ ਨੂੰ ਦਿੱਤੀ ਸਰਪ੍ਰਸਤੀ, ਅਸੀਂ ਪੰਜਾਬ ਨੂੰ ਅਪਰਾਧ ਮੁਕਤ ਬਣਾਉਣ ਦੀ ਸਹੁੰ ਖਾਧੀ : ਭਗਵੰਤ ਮਾਨ

CM Bhagwant Mann

June 17, 2022 05:54 PM

ਸੰਗਰੂਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਦੀ ਅਲੋਚਨਾ ਕਰਦਿਆਂ ਕਿਹਾ, ‘ਕਾਂਗਰਸ ਅਤੇ ਅਕਾਲੀ ਦਲ ਸਮੇਤ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਹਮੇਸ਼ਾਂ ਗੈਂਗਸਟਰਾਂ ਅਤੇ ਮਾਫੀਆਂ ਨੂੰ ਸਰਪ੍ਰਸਤੀ ਦਿੱਤੀ ਹੈ। ਆਪਣੇ ਰਾਜਨੀਤਿਕ ਫਾਇਦੇ ਲਈ ਉਨ੍ਹਾਂ ਨੇ ਗੈਂਗਸਟਰਵਾਦ ਨੂੰ ਪ੍ਰਫੁੱਲਤ ਕੀਤਾ ਅਤੇ ਸੂਬੇ ਦਾ ਮਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ। ਪਰ ਅਸੀਂ ਪੰਜਾਬ ਨੂੰ ਅਪਰਾਧ ਅਤੇ ਮਾਫੀਆ ਮੁਕਤ ਬਣਾਉਣ ਦੀ ਸਹੁੰ ਖਾਧੀ ਹੈ। ਇਸ ਲਈ ਜਿਨ੍ਹਾਂ ਲੋਕਾਂ ਨੇ ਗੈਂਗਸਟਰਾਂ ਨੂੰ ਜਨਮ ਦਿੱਤਾ, ਉਹ ਅੱਜ ਰੌਲ਼ਾ ਪਾ ਰਹੇ ਹਨ।’’ 
ਮੁੱਖ ਮੰਤਰੀ ਮਾਨ ਸ਼ੁੱਕਰਵਾਰ ਨੂੰ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਵਿਧਾਨ ਸਭਾ ਹਲਕਾ ਦਿੜ੍ਹਬਾ ਅਤੇ ਸੁਨਾਮ ’ਚ ਆਏ ਸਨ ਅਤੇ ਉਨ੍ਹਾਂ ਨੇ ਦਿੜ੍ਹਬਾ, ਖਨੌਰੀ, ਲਹਿਰਾ, ਝਾਂਜਲੀ, ਜਖੇਪਾਲ, ਚੀਮਾ, ਲੌਗੋਂਵਾਲ ਅਤੇ ਸੁਨਾਮ ਵਿੱਚ ‘ਰੋਡ ਸ਼ੋਅ’ ਕਰਕੇ ਵੋਟਰਾਂ ਨੂੰ ਗੁਰਮੇਲ ਸਿੰਘ ਘਰਾਚੋਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ।
ਮੁੱਖ ਮੰਤਰੀ ਮਾਨ ਨੇ ਕਿਹਾ, ‘‘ਬਤੌਰ ਸੰਸਦ ਮੈਂਬਰ ਮੈਂ ਹਮੇਸ਼ਾਂ ਪੰਜਾਬ ਦੇ ਲੋਕਾਂ ਦੀ ਆਵਾਜ਼ ਸੰਸਦ ’ਚ ਚੁੱਕੀ ਹੈ। ਮੈਂ ਵੀ ਆਮ ਪਰਿਵਾਰ ਤੋਂ ਹਾਂ। ਇਸ ਲਈ ਆਮ ਲੋਕਾਂ ਦਾ ਦੁੱਖ ਦਰਦ ਚੰਗੀ ਤਰ੍ਹਾਂ ਸਮਝਦਾ ਹਾਂ। ਮੇਰੀ ਤਰ੍ਹਾਂ ਗੁਰਮੇਲ ਸਿੰਘ ਵੀ ਆਮ ਘਰ ਦਾ ਪੜ੍ਹਿਆ ਲਿਖਿਆ ਨੌਜਵਾਨ ਹੈ। ਮੈਨੂੰ ਵਿਸ਼ਵਾਸ਼ ਹੈ ਕਿ ਜਿਸ ਤਰ੍ਹਾਂ ਸੰਗਰੂਰ ਦੇ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਹੈ, ਉਸੇ ਤਰ੍ਹਾਂ ਗੁਰਮੇਲ ਸਿੰਘ ਨੂੰ ਵੀ ਪਿਆਰ ਬਖ਼ਸ਼ਣਗੇ ਅਤੇ ਭਾਰੀ ਬਹੁਮਤ ਨਾਲ ਜਿੱਤਾ ਕੇ ਸੰਸਦ ’ਚ ਭੇਜਣਗੇ।’’ ਉਨ੍ਹਾਂ ਕਿਹਾ ਕਿ ਕਲਮ ਦੀ ਤਾਕਤ ਤਲਵਾਰ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੁੰਦੀ ਹੈ। ਕਿਸੇ ਵੀ ਸ਼ੁੱਭ ਕੰਮ ਨੂੰ ਕਰਨ ਤੋਂ ਪਹਿਲਾਂ ਜਿਸ ਤਰ੍ਹਾਂ ਭਗਵਾਨ ਦੀ ਪੂਜਾ ਹੰਦੀ ਹੈ, ਉਸੇ ਤਰ੍ਹਾਂ ਹਰ ਸਵੇਰ ਉਹ ਆਪਣੀ ਕਲਮ ਨੂੰ ਮੱਥਾ ਟੇਕਦੇ ਹਨ, ਤਾਂਕਿ ਉਨ੍ਹਾਂ ਦਾ ਹਰ ਫ਼ੈਸਲਾ ਲੋਕਾਂ ਦੀ ਭਲਾਈ ਅਤੇ ਹਿੱਤ ’ਚ ਹੋਵੇ। 
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਭ ਜਾਣਦੇ ਹਨ, ‘‘ਪੰਜਾਬ ’ਚ ਜਿਨ੍ਹਾਂ ਲੋਕਾਂ ਦੀਆਂ ਹੁਣ ਤੱਕ ਸਰਕਾਰਾਂ ਰਹੀਆਂ ਹਨ, ਉਨ੍ਹਾਂ ਨੇ ਹੀ ਗੈਂਗਸਟਰਾਂ ਨੂੰ ਸਰਪ੍ਰਸਤੀ ਦਿੱਤੀ ਅਤੇ ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਲਈ ਵਰਤਿਆ ਹੈ। ਮੈਂ ਆਪਣੇ ਨਾਲ ਗੈਂਗਸਟਰ ਨਹੀਂ ਲਿਆਇਆ, ਪਰ ਮੈਂ ਤੁਹਾਨੂੰ ਵਿਸ਼ਵਾਸ਼ ਦਿਵਾਉਂਦਾ ਹਾਂ ਕਿ ਮੈਂ ਪੂਰੀ ਤਰ੍ਹਾਂ ਨਾਲ ਗੈਂਗਸਟਰਵਾਦ ਖ਼ਤਮ ਕਰਾਂਗਾ।’’ ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ‘ਆਪ’ ਸਰਕਾਰ ਦੇ ਲੋਕ ਹਿਤੈਸ਼ੀ ਕੰਮਾਂ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ। ਜਿਹੜੇ ਕੰਮ 75 ਸਾਲਾਂ ’ਚ ਨਹੀਂ ਹੋਏ, ਸਾਡੀ ਸਰਕਾਰ ਨੇ ਤਿੰਨ ਮਹੀਨਿਆਂ ’ਚ ਪੂਰੇ ਕਰਕੇ ਦਿਖਾਏ ਹਨ। ਸੰਗਰੂਰ ਦੇ ਲੋਕਾਂ ਨੇ ਉਨ੍ਹਾਂ ’ਤੇ ਭਰੋਸਾ ਕਰਕੇ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈ। ਇਸ ਲਈ ਉਹ ਲੋਕਾਂ ਦੀ ਆਵਾਜ਼ ਹਨ ਅਤੇ ਉਨ੍ਹਾਂ ਦਾ ਹਰ ਫ਼ੈਸਲਾ ਹਮੇਸ਼ਾ ਲੋਕਾਂ ਦੇ ਹਿੱਤ ’ਚ ਹੋਵੇਗਾ। 
ਭਗਵੰਤ ਮਾਨ ਨੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਬਾਰੇ ਕਿਹਾ ਕਿ ਉਨ੍ਹਾਂ ਦਾ ਕੋਈ ਸਟੈਂਡ ਨਹੀਂ ਹੈ। ਢਿੱਲੋਂ ਦਾ ਮਕਸਦ ਕੇਵਲ ਰਾਜਨੀਤਿਕ ਲਾਭ ਲੈਣਾ ਹੈ। ਇਸ ਲਈ ਉਹ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ’ਚ ਸ਼ਾਮਲ ਹੋ ਗਏ। ਅਕਾਲੀ ਦਲ ਬਾਦਲ ਦੀ ਅਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਅਕਾਲੀ ਦਲ ‘ਪੰਥਕ ਪੱਤਾ’ ਖੇਡ ਕੇ ਵੋਟਾਂ ਮੰਗ ਰਿਹਾ ਹੈ, ਪਰ ਬਤੌਰ ਸੰਸਦ ਮੈਂਬਰ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਕਦੇ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਸਦ ਜਾਂ ਸੜਕ ’ਤੇ ਆਵਾਜ਼ ਨਹੀ ਚੁੱਕੀ। ਉਨ੍ਹਾਂ ਨੇ ਤਲਵਾਰ ਅਤੇ ਹਿੰਸਾ ਦੀ ਵਕਾਲਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ’ਤੇ ਹਮਲਾ ਬੋਲਦਿਆਂ ਕਿਹਾ ਕਿ ਸਾਡੀ ਸਰਕਾਰ ਨੌਜਵਾਨਾਂ ਨੂੰ ਚੰਗੀ ਸਿੱਖਿਆ ਅਤੇ ਰੋਜ਼ਗਾਰ ਦੇਣ ਦੀ ਗੱਲ ਕਰਦੀ ਹੈ, ਪਰ ਉਹ ਨੌਜਵਾਨਾਂ ਨਾਲ ਤਲਵਾਰ ਅਤੇ ਹਿੰਸਾ ਦੀਆਂ ਗੱਲਾਂ ਕਰਦੇ ਹਨ।

Have something to say? Post your comment