Wednesday, April 02, 2025

Punjab

ਮੁੱਖ ਮੰਤਰੀ ਮਾਨ-ਸਰਕਾਰ ਦੇ ਸੁਚੱਜੇ ਸ਼ਾਸਨ ਦੇ ਆਧਾਰ ’ਤੇ ਸੰਗਰੂਰ ਜ਼ਿਮਨੀ ਚੋਣ ਲੜ ਰਹੀ 'ਆਪ ': ਮਲਵਿੰਦਰ ਸਿੰਘ ਕੰਗ

Malwinder Singh Kang

June 16, 2022 08:02 PM

ਸੰਗਰੂਰ : ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੇ ਤਿੰਨ ਮਹੀਨਿਆਂ ਦੇ  ਸੁਚੱਜੇ ਸ਼ਾਸਨ ਦੌਰਾਨ ਕੀਤੀਆਂ ਪ੍ਰਾਪਤੀਆਂ ਅਤੇ ਲੋਕ ਪੱਖੀ ਫੈਸਲਿਆਂ ਦੀ ਜਾਣਕਾਰੀ  ਦਿੰਦੇ ਹੋਏ ਪਾਰਟੀ ਦੇ ਪ੍ਰਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਦਾਅਵਾ ਕੀਤਾ ਕਿ ਆਪ ਸੰਗਰੂਰ ਸੀਟ ’ਤੇ ਫਿਰ ਤੋਂ ਵੱਡੇ ਬਹੁਮਤ ਨਾਲ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ 'ਆਪ' ਇਹ ਉਪ ਚੋਣ ਮੁੱਖ ਮੰਤਰੀ ਮਾਨ ਦੀ ਸਰਕਾਰ ਵੱਲੋਂ ਪਿਛਲੇ ਤਿੰਨ ਮਹੀਨਿਆਂ ਵਿੱਚ ਕੀਤੇ ਵਿਕਾਸ ਕਾਰਜਾਂ ਅਤੇ ਲੋਕ ਪੱਖੀ ਫ਼ੈਸਲਿਆਂ ਸਮੇਤ ਭਗਵੰਤ ਮਾਨ ਵੱਲੋਂ ਸੰਗਰੂਰ ਤੋਂ ਦੋ ਵਾਰ ਸੰਸਦ ਮੈਂਬਰ ਬਣਨ ਦੇ ਆਧਾਰ ’ਤੇ  ਲੜ ਰਹੀ ਹੈ। 

 ਵੀਰਵਾਰ ਨੂੰ ਸੰਗਰੂਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇੱਕ ਸੰਸਦ ਮੈਂਬਰ ਵਜੋਂ ਭਗਵੰਤ ਮਾਨ ਨੇ ਸੰਸਦ ਵਿੱਚ ਨਾ ਸਿਰਫ ਸੰਗਰੂਰ ਬਲਕਿ ਪੂਰੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਬਾਰੀਕੀ ਨਾਲ ਪੇਸ਼ ਕੀਤਾ ਅਤੇ ਹੁਣ ਉਹ ਮੁੱਖ ਮੰਤਰੀ ਬਣ ਕੇ ਪੰਜਾਬ ਦੀ ਕਾਇਆ ਕਲਪ ਕਰ ਰਹੇ ਹਨ। ਕੰਗ ਨੇ ਕਿਹਾ ਕਿ ਸੀ.ਐਮ ਮਾਨ ਦੀ ਗਤੀਸ਼ੀਲ ਅਗਵਾਈ 'ਚ 'ਆਪ' ਸਰਕਾਰ ਨੇ ਸਿਰਫ ਤਿੰਨ ਮਹੀਨਿਆਂ 'ਚ ਅਜਿਹੇ ਕਦਮ ਚੁੱਕੇ ਹਨ, ਜੋ ਪਿਛਲੀਆਂ ਸਰਕਾਰਾਂ ਦਹਾਕਿਆਂ ਦਹਾਕਿਆਂ 'ਚ ਕਰਨ 'ਚ ਅਸਫਲ ਰਹੀਆਂ ਹਨ।


 ਮਾਨ ਸਰਕਾਰ ਦੇ ਕੰਮਾਂ ਬਾਰੇ ਦੱਸਦਿਆਂ ਮਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ 'ਆਪ' ਸਰਕਾਰ ਨੇ ਟਿਊਬਵੈੱਲਾਂ ਦੇ ਲੋਡ ਵਧਾਉਣ ਦੀ ਫੀਸ 'ਚ ਕਟੌਤੀ ਕਰਨ ਦਾ ਫ਼ੈਸਲਾ ਕੀਤਾ। ਮੂੰਗ ਦੀ ਖਰੀਦ ਲਈ 66.56 ਕਰੋੜ ਰੁਪਏ ਜਾਰੀ ਕੀਤੇ , ਪੰਜਾਬ ਤੋਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਸੁਪਰ ਲਗਜ਼ਰੀ ਵੋਲਵੋ ਬੱਸਾਂ ਸ਼ੁਰੂ ਕੀਤੀਆਂ, ਦਿੱਲੀ ਮਾਡਲ ਦੀ ਤਰਜ ’ਤੇ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਇੱਕ-ਇੱਕ ਨਵਾਂ ਸਰਕਾਰੀ ਸਕੂਲ ਅਤੇ ਮੁਹੱਲਾ ਕਲੀਨਿਕ ਖੋਲ੍ਹਣ, ਇੱਕ ਵਿਧਾਇਕ-ਇੱਕ ਪੈਨਸ਼ਨ, ਵੱਖ-ਵੱਖ ਸਰਕਾਰੀ ਵਿਭਾਗਾਂ ’ਚ ਖਾਲੀ ਪਈਆਂ 26,454 ਅਸਾਮੀਆਂ ਦੀ ਭਰਤੀ ਨੂੰ ਮਨਜ਼ੂਰੀ ਦਿੱਤੀ।

ਉਨ੍ਹਾਂ ਦੱਸਿਆ ਕਿ 'ਆਪ' ਸਰਕਾਰ ਨੇ ਸੰਗਰੂਰ ਵਿੱਚ ਇੱਕ ਮੈਡੀਕਲ ਕਾਲਜ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ ਅਤੇ ਸਰਕਾਰ ਵੱਲੋਂ ਕਈ ਹੋਰ ਲੋਕ ਪੱਖੀ ਫ਼ੈਸਲੇ ਵੀ ਕੀਤੇ ਗਏ ਹਨ। ਕੰਗ ਨੇ ਕਿਹਾ ਕਿ ਸੰਗਰੂਰ ਹਲਕਾ 2014 ਤੋਂ ਪਾਰਟੀ ਦਾ ਗੜ੍ਹ ਰਿਹਾ ਹੈ ਅਤੇ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਇਸ ਸੀਟ 'ਤੇ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ ਕਿਉਂਕਿ ਸੰਗਰੂਰ ਦੇ ਲੋਕਾਂ ਦਾ 'ਆਪ' ਪਾਰਟੀ 'ਤੇ ਭਰੋਸਾ ਹੈ।

 

Have something to say? Post your comment