Friday, April 04, 2025

Punjab

'ਸਿੱਖਾਂ ਦੇ 12 ਵਜੇ' ਵਾਲੇ ਮਜ਼ਾਕ 'ਤੇ ਬੀਜੇਪੀ ਲੀਡਰ ਕਿਰਨ ਬੇਦੀ ਖਿਲਾਫ ਕਾਨੂੰਨੀ ਕਾਰਵਾਈ ਕਰੇਗੀ ਸ਼੍ਰੋਮਣੀ ਕਮੇਟੀ

BJP leader Kiran Bedi

June 16, 2022 02:57 PM

ਨਵੀਂ ਦਿੱਲੀ : ਸਾਬਕਾ ਪੁਲਿਸ ਅਧਿਕਾਰੀ ਕਿਰਨ ਬੇਦੀ ਵੱਲੋਂ 'ਸਿੱਖਾਂ ਦੇ 12 ਵਜੇ'  ਵਾਲੀ ਕੀਤੀ ਟਿੱਪਣੀ ’ਤੇ ਸ਼੍ਰੋਮਣੀ ਕਮੇਟੀ ਨੇ ਸਖ਼ਤ ਇਤਰਾਜ਼ ਕੀਤਾ ਹੈ। ਇਸ ਮਾਮਲੇ ਵਿੱਚ ਉਸ ਨੂੰ ਕਾਨੂੰਨੀ ਨੋਟਿਸ ਭੇਜਿਆ ਜਾ ਰਿਹਾ ਹੈ। ਸਾਬਕਾ ਆਈਪੀਐਸ ਅਧਿਕਾਰੀ ਵੱਲੋਂ ਕੀਤੀ ਟਿੱਪਣੀ ’ਤੇ ਇਤਰਾਜ਼ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਿਰਨ ਬੇਦੀ ਨੂੰ ਸਿੱਖ ਇਤਿਹਾਸ ਪੜ੍ਹਨਾ ਚਾਹੀਦਾ ਹੈ ਤਾਂ ਜੋ ਉਸ ਨੂੰ ਪਤਾ ਲੱਗੇ ਕਿ ਸਿੱਖਾਂ ਨੇ ਅਬਦਾਲੀ ਦੇ ਰਾਜ ਵਿੱਚ ਔਰਤਾਂ ਨੂੰ ਬਚਾਉਣ ਲਈ ਤੇ ਧਾੜਵੀਆਂ ਨੂੰ ਰੋਕਣ ਲਈ ਕੀ ਕੁਝ ਕੀਤਾ ਸੀ। ਉਨ੍ਹਾਂ ਕਿਹਾ ਕਿ ਜਦੋਂ ਧਾੜਵੀ ਭਾਰਤ ’ਤੇ ਹਮਲਾ ਕਰ ਕੇ ਇੱਥੋਂ ਦਾ ਕੀਮਤੀ ਸਾਮਾਨ ਤੇ ਔਰਤਾਂ ਨੂੰ ਬਾਜ਼ਾਰਾਂ ਵਿੱਚ ਵੇਚਣ ਲਈ ਲੈ ਜਾਂਦੇ ਸਨ ਤਾਂ ਲੋਕਾਂ ਦੀ ਰਖਵਾਲੀ ਲਈ ਸਦਾ ਤੱਤਪਰ ਰਹਿਣ ਵਾਲੇ ਸਿੰਘ ਰਾਤ 12 ਵਜੇ ਧਾੜਵੀਆਂ ’ਤੇ ਹਮਲਾ ਕਰ ਕੇ ਲੁੱਟ ਦਾ ਸਾਮਾਨ ਅਤੇ ਔਰਤਾਂ ਨੂੰ ਛੁਡਵਾ ਕੇ ਉਨ੍ਹਾਂ ਨੂੰ ਸੁਰੱਖਿਅਤ ਘਰਾਂ ਵਿੱਚ ਪਹੁੰਚਾਉਂਦੇ ਸਨ। ਉਨ੍ਹਾਂ ਕਿਹਾ ਕਿ ਕਿਰਨ ਬੇਦੀ ਪੰਜਾਬ ਦੀ ਜੰਮਪਲ ਹੈ ਤੇ ਉਸ ਨੂੰ ਸਿੱਖਾਂ ਦੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਹੈ। ਪਰ ਉਸ ਵੱਲੋਂ ਸਿੱਖਾਂ ਖ਼ਿਲਾਫ਼ ਕੀਤੀ ਟਿੱਪਣੀ ਹੈਰਾਨੀਜਨਕ ਤੇ ਸ਼ਰਮਨਾਕ ਹੈ, ਇਸ ਨੇ ਪੂਰੀ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਿਰਨ ਬੇਦੀ ਨੂੰ ਕਾਨੂੰਨੀ ਨੋਟਿਸ ਭੇਜਿਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ‘ਆਪ’ ਦੇ ਵੱਖ-ਵੱਖ ਆਗੂਆਂ ਵੱਲੋਂ ਵੀ ਕਿਰਨ ਬੇਦੀ ਦੀ ਟਿੱਪਣੀ ਦਾ ਵਿਰੋਧ ਕੀਤਾ ਗਿਆ। ਇਸ ਤੋਂ ਬਾਅਦ ਕਿਰਨ ਬੇਦੀ ਨੇ ਸੋਸ਼ਲ ਮੀਡੀਆ ’ਤੇ ਹੋਈ ਇਸ ਗ਼ਲਤੀ ਲਈ ਮੁਆਫ਼ੀ ਵੀ ਮੰਗ ਲਈ ਹੈ। ਉਸ ਨੇ ਆਪਣੇ ਟਵਿੱਟਰ ਖਾਤੇ ’ਤੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੁੰਦਿਆਂ ਦੀ ਤਸਵੀਰ ਵੀ ਅਪਲੋਡ ਕੀਤੀ ਹੈ। ਇਸ ’ਤੇ ਲਿਖਿਆ ਹੋਇਆ ਕਿ ਉਹ ਪੰਜਾਬ ਦੀ ਧੀ ਹੈ।

 

Have something to say? Post your comment