Wednesday, April 02, 2025

Punjab

ਨੈਸ਼ਨਲ ਸ਼ੂਟਰ ਸਿੱਪੀ ਸਿੱਧੂ ਕਤਲ ਕਾਂਡ 'ਚ 7 ਸਾਲ ਬਾਅਦ ਸਾਬਕਾ ਜੱਜ ਦੀ ਧੀ ਗ੍ਰਿਫ਼ਤਾਰ

Sippy Sidhu Murder

June 15, 2022 06:20 PM

ਚੰਡੀਗੜ੍ਹ: ਸੀਬੀਆਈ ਨੇ ਕੌਮੀ ਪੱਧਰ ਦੇ ਸ਼ੂਟਰ ਅਤੇ ਵਕੀਲ ਸਿੱਪੀ ਸਿੱਧੂ ਦੇ ਕਤਲ ਕੇਸ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਦੀ ਧੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀਬੀਆਈ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਨੂੰ ਬੁੱਧਵਾਰ ਨੂੰ ਚੰਡੀਗੜ੍ਹ ਦੇ ਸਪੈਸ਼ਲ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਚਾਰ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਗ੍ਰਿਫਤਾਰ ਮਹਿਲਾ ਦੀ ਪਛਾਣ ਕਲਿਆਣੀ ਸਿੰਘ ਵਜੋਂ ਹੋਈ ਹੈ। ਮੁਲਜ਼ਮ ਇੱਕ ਕਾਲਜ ਵਿੱਚ ਪ੍ਰੋਫੈਸਰ ਵੀ ਹੈ। ਸੀਬੀਆਈ ਨੇ ਚੰਡੀਗੜ੍ਹ ਪ੍ਰਸ਼ਾਸਨ ਦੀ ਬੇਨਤੀ ’ਤੇ 13 ਅਪਰੈਲ 2016 ਨੂੰ ਸਿੱਧੂ ਕਤਲ ਕੇਸ ਵਿੱਚ ਐਫਆਈਆਰ ਦਰਜ ਕੀਤੀ ਸੀ। ਦਸੰਬਰ 2021 ਵਿੱਚ, ਸੀਬੀਆਈ ਨੇ ਚੰਡੀਗੜ੍ਹ ਵਿੱਚ ਕੌਮੀ ਪੱਧਰ ਦੇ ਨਿਸ਼ਾਨੇਬਾਜ਼ ਅਤੇ ਐਡਵੋਕੇਟ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਦੇ ਕਾਤਲਾਂ 'ਤੇ 5 ਲੱਖ ਤੋਂ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਕੌਮੀ ਨਿਸ਼ਾਨੇਬਾਜ਼ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਦੀ ਲਾਸ਼ 20 ਸਤੰਬਰ 2015 ਦੀ ਰਾਤ ਨੂੰ ਕਰੀਬ 9 ਵਜੇ ਚੰਡੀਗੜ੍ਹ ਦੇ ਸੈਕਟਰ-27 ਸਥਿਤ ਪਾਰਕ ਵਿੱਚੋਂ ਮਿਲੀ ਸੀ। ਸੁਖਮਨਪ੍ਰੀਤ ਨੂੰ ਚਾਰ ਗੋਲੀਆਂ ਮਾਰੀਆਂ ਗਈਆਂ। ਚੰਡੀਗੜ੍ਹ ਪੁਲੀਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਪੁਲੀਸ ਵਿਭਾਗ ਨੇ ਇਸ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੀ ਬਣਾਈ ਸੀ। ਮਾਮਲੇ ਵਿੱਚ ਹਾਈ ਕੋਰਟ ਦੇ ਜੱਜ ਦੀ ਧੀ ਦੀ ਭੂਮਿਕਾ ਸ਼ੱਕੀ ਪਾਈ ਗਈ ਸੀ ਪਰ ਫਿਰ ਵੀ ਕਾਤਲਾਂ ਦੇ ਸੁਰਾਗ ਨਹੀਂ ਮਿਲ ਸਕੇ। ਇਸ ਤੋਂ ਬਾਅਦ ਕੇਸ ਸੀਬੀਆਈ ਨੂੰ ਟਰਾਂਸਫਰ ਕਰ ਦਿੱਤਾ ਗਿਆ। ਸੀਬੀਆਈ ਵੀ ਮੁਲਜ਼ਮਾਂ ਨੂੰ ਫੜਨ ਵਿੱਚ ਨਾਕਾਮ ਸਾਬਤ ਹੋਈ। ਸੀਬੀਆਈ ਨੇ ਅਖਬਾਰਾਂ ਵਿੱਚ ਇਸ਼ਤਿਹਾਰ ਛਾਪ ਕੇ ਕਿਹਾ ਸੀ ਕਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ 20 ਸਤੰਬਰ 2015 ਦੀ ਰਾਤ ਨੂੰ ਇੱਕ ਔਰਤ ਮੌਕੇ 'ਤੇ ਮੌਜੂਦ ਸੀ। ਔਰਤ ਨੂੰ ਜਾਂਚ ਅਧਿਕਾਰੀ ਦੇ ਸਾਹਮਣੇ ਆਉਣ ਅਤੇ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਵੀ ਸੂਚਿਤ ਕੀਤਾ ਗਿਆ ਹੈ। ਜੇਕਰ ਔਰਤ ਅੱਗੇ ਨਹੀਂ ਆਉਂਦੀ ਤਾਂ ਇਹ ਮੰਨਿਆ ਜਾਵੇਗਾ ਕਿ ਉਹ ਵੀ ਕਤਲ ਵਿੱਚ ਸ਼ਾਮਲ ਹੈ। ਇਸ ਦੇ ਨਾਲ ਹੀ ਸੀਬੀਆਈ ਨੇ ਇਸ ਮਾਮਲੇ ਵਿੱਚ ਕੋਈ ਵੀ ਸੁਰਾਗ ਦੇਣ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਸੀ।

 

Have something to say? Post your comment