ਮੁਹਾਲੀ : ਭ੍ਰਿਸ਼ਟਾਚਾਰ ਦੇ ਲੱਗੇ ਦੋਸ਼ਾਂ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅੱਜ ਮੋਹਾਲੀ ਕੋਰਟ 'ਚ ਪੇਸ਼ ਕੀਤਾ ਗਿਆ। ਜਿੱਥੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਹੁਣ ਇਸ ਮਾਮਲੇ 'ਚ 27 ਜੂਨ ਨੂੰ ਮੁਹਾਲੀ ਕੋਰਟ ਸੁਣਵਾਈ ਹੋਵੇਗੀ। ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ ਬੀਤੇ ਦਿਨੀਂ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ਸਣੇ ਨੌਂ ਲੋਕਾਂ ’ਤੇ ਜੰਗਲਾਤ ਵਿਭਾਗ 'ਚ ਭ੍ਰਿਸ਼ਟਾਚਾਰ ਕਰ ਕੇ ਵੱਡੇ ਪੈਮਾਨੇ ’ਤੇ ਰਿਸ਼ਵਤ ਹਾਸਲ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਸੀ। ਵਿਜੀਲੈਂਸ ਨੇ ਸਾਬਕਾ ਮੰਤਰੀ ਧਰਮਸੋਤ, ਉਨ੍ਹਾਂ ਦੇ ਓਐੱਸਡੀ ਚਮਕੌਰ ਸਿੰਘ ਅਤੇ ਖੰਨਾ ਦੇ ਰਹਿਣ ਵਾਲੇ ਉਨ੍ਹਾਂ ਦੇ ਇਕ ਪੱਤਰਕਾਰ ਸਾਥੀ ਕਮਲਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਇਸੇ ਮਾਮਲੇ ਵਿਚ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਸਣੇ ਉਨ੍ਹਾਂ ਦੇ ਪੀਏ ਕੁਲਵਿੰਦਰ ਸਿੰਘ, ਆਈਐੱਫਐੱਸ ਅਮਿਤ ਚੌਹਾਨ, ਮੁਹਾਲੀ ਵਣ ਮੰਡਲ ਅਫ਼ਸਰ ਗੁਰਅਮਨਪ੍ਰੀਤ ਸਿੰਘ, ਵਣ ਗਾਰਡ ਦਿਲਪ੍ਰੀਤ ਸਿੰਘ ਅਤੇ ਸਚਿਨ ਕੁਮਾਰ ’ਤੇ ਜੰਗਲਾਤ ਵਿਭਾਗ ਦੇ ਵੱਖ-ਵੱਖ ਕੰਮਾਂ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ਹਨ।