ਮੋਹਾਲੀ : ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸੰਗਤ ਸਿੰਘ ਗਿਲਜੀਆਂ ਤੋਂ ਬਾਅਦ ਹੁਣ ਭਗਵੰਤ ਮਾਨ ਸਰਕਾਰ ਦੇ ਨਿਸ਼ਾਨੇ 'ਤੇ ਕਾਂਗਰਸ ਦੇ ਦੋ ਹੋਰ ਸਾਬਕਾ ਮੰਤਰੀ ਹਨ। ਸਾਬਕਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਖਿਲਾਫ ਪੰਚਾਇਤੀ ਜ਼ਮੀਨ ਸਸਤੇ ਭਾਅ ਕਲੋਨਾਈਜ਼ਰਾਂ ਨੂੰ ਵੇਚਣ ਦਾ ਮਾਮਲਾ ਖੁੱਲ੍ਹਿਆ ਹੈ। ਇਸ ਸਬੰਧੀ ਜਾਂਚ ਸ਼ੁਰੂ ਹੋ ਗਈ ਹੈ। ਦੂਜੇ ਪਾਸੇ ਚਰਚਾ ਹੈ ਕਿ ਵਿਜੀਲੈਂਸ ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਐਫਆਈਆਰ ਦਰਜ ਕਰ ਸਕਦੀ ਹੈ। ਸੂਤਰਾਂ ਮੁਤਾਬਕ ਠੇਕੇਦਾਰਾਂ ਦੀ ਯੂਨੀਅਨ ਨੇ ਆਸ਼ੂ ਦੇ ਕਾਰਜਕਾਲ ਦੌਰਾਨ 2000 ਕਰੋੜ ਰੁਪਏ ਦੇ ਟੈਂਡਰਾਂ ਵਿੱਚ ਧੋਖਾਧੜੀ ਦਾ ਦੋਸ਼ ਲਾਇਆ ਹੈ। ਵਿਜੀਲੈਂਸ ਨੇ ਇਸ ਮਾਮਲੇ ਦੀ ਜਾਂਚ ਐਸਐਸਪੀ ਪੱਧਰ ਦੇ ਅਧਿਕਾਰੀ ਨੂੰ ਸੌਂਪੀ ਹੈ। ਵਿਜੀਲੈਂਸ ਇਹ ਪਤਾ ਲਗਾਵੇਗੀ ਕਿ ਪੰਜਾਬ ਦੀਆਂ ਲਗਪਗ 2500 ਮੰਡੀਆਂ ਵਿੱਚ ਲੇਬਰ ਤੇ ਢੋਆ-ਢੁਆਈ ਮੁਹੱਈਆ ਕਰਵਾਉਣ ਦੇ ਟੈਂਡਰਾਂ 'ਤੇ 2017-18 ਵਿੱਚ ਕਿੰਨਾ ਖਰਚਾ ਆਇਆ ਤੇ 2020 ਵਿੱਚ ਕਿੰਨਾ ਖਰਚ ਕੀਤਾ ਗਿਆ।