Donald Trump 47th President Of India: ਡੌਨਲਡ ਟਰੰਪ ਮੁੜ ਅਮਰੀਕਾ ਵਿੱਚ ਰਾਸ਼ਟਰਪਤੀ ਬਣਨ ਜਾ ਰਹੇ ਹਨ। ਟਰੰਪ ਦੀ ਇਹ ਜਿੱਤ ਇਤਿਹਾਸਕ ਹੈ ਕਿਉਂਕਿ ਅਮਰੀਕਾ ਦੇ ਇਤਿਹਾਸ ਵਿੱਚ ਅਜਿਹਾ ਸਿਰਫ਼ ਦੂਜੀ ਵਾਰ ਹੋਇਆ ਹੈ ਜਦੋਂ ਰਾਸ਼ਟਰਪਤੀ ਇੱਕ ਚੋਣ ਹਾਰਨ ਤੋਂ ਬਾਅਦ ਫਿਰ ਵ੍ਹਾਈਟ ਹਾਊਸ ਵਿੱਚ ਪਰਤੇ ਹੋਣ।
ਟਰੰਪ 2017 ਤੋਂ 2021 ਤੱਕ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਰਹਿ ਚੁੱਕੇ ਹਨ। ਉਨ੍ਹਾਂ ਦੀਆਂ ਨੀਤੀਆਂ ਪੂਰੀ ਦੁਨੀਆਂ ਜਾਣਦੀ ਹੈ ਅਤੇ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਕੋਲ ਟਰੰਪ ਨਾਲ ਕਈ ਮੋਰਚਿਆਂ ʼਤੇ ਨਜਿੱਠਣ ਦਾ ਤਜਰਬਾ ਹੈ।
ਟਰੰਪ ਦੀ ਜਿੱਤ ਦਾ ਭਾਰਤ 'ਤੇ ਅਸਰ
ਨਰਿੰਦਰ ਮੋਦੀ ਨੂੰ ਟਰੰਪ ਕਈ ਵਾਰ ਆਪਣਾ ਦੋਸਤ ਦੱਸ ਚੁੱਕੇ ਹਨ ਪਰ ਇਸ ਦੇ ਨਾਲ ਹੀ ਭਾਰਤ ਦੀਆਂ ਨੀਤੀਆਂ ʼਤੇ ਹਮਲਾ ਵੀ ਬੋਲਦੇ ਰਹੇ ਹਨ। ਇਨ੍ਹਾਂ ਚੋਣਾਂ ਵਿੱਚ ਟਰੰਪ ਕਈ ਵਾਰ ਪੀਐੱਮ ਮੋਦੀ ਦਾ ਨਾਮ ਲੈ ਚੁੱਕੇ ਹਨ। ਕੀ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਭਾਰਤ ਨੂੰ ਲੈ ਕੇ ਰਾਸ਼ਟਰਪਤੀ ਬਾਈਡਨ ਦੀਆਂ ਜੋ ਨੀਤੀਆਂ ਸਨ, ਉਹ ਬਦਲ ਜਾਣਗੀਆਂ?
ਭਾਰਤ ਨਾਲ ਆਰਥਿਕ ਅਤੇ ਕਾਰੋਬਾਰੀ ਰਿਸ਼ਤੇ
ਮੰਨਿਆ ਜਾ ਰਿਹਾ ਹੈ ਕਿ ਡੌਨਲਡ ਟਰੰਪ ਦੀਆਂ ਆਰਥਿਕ ਨੀਤੀਆਂ ʻਅਮਰੀਕਾ ਫਰਸਟʼ ʼਤੇ ਕੇਂਦਰਿਤ ਹੋਣਗੀਆਂ। ਟਰੰਪ ਨੇ ਆਪਣੇ ਪਹਿਲੇ ਕਾਰਜਾਕਾਲ ਵਿੱਚ ਅਮਰੀਕੀ ਉਦਯੋਗਾਂ ਨੂੰ ਸੁਰੱਖਿਆ ਦੇਣ ਦੀ ਨੀਤੀ ਅਪਨਾਈ ਸੀ।
ਉਨ੍ਹਾਂ ਨੇ ਚੀਨ ਅਤੇ ਭਾਰਤ ਸਣੇ ਕਈ ਦੇਸ਼ਾਂ ਦੇ ਆਯਾਤ ʼਤੇ ਭਾਰੀ ਟੈਰਿਫ ਲਗਾਇਆ ਸੀ। ਮਿਸਾਲ ਵਜੋਂ ਭਾਰਤ ਨਾਲ ਅਮਰੀਕੀ ਹਾਰਲੇ ਡੇਵਿਡਸਨ ਮੋਟਰਸਾਈਕਲਾਂ ʼਤੇ ਟੈਰਿਫ ਹਟਾਉਣ ਜਾਂ ਘਟਾਉਣ ਨੂੰ ਕਿਹਾ ਸੀ।
ਟਰੰਪ ਨੇ ਅਮਰੀਕਾ ਫਰਸਟ ਦਾ ਨਾਅਰਾ ਦਿੱਤਾ ਹੈ ਅਤੇ ਉਹ ਅਮਰੀਕੀ ਵਸਤਾਂ ਅਤੇ ਸੇਵਾਵਾਂ ਦੇ ਆਯਾਤ ʼਤੇ ਜ਼ਿਆਦਾ ਟੈਰਿਫ ਲਗਾਉਣ ਵਾਲੇ ਦੇਸ਼ਾਂ ਦੇ ਖ਼ਿਲਾਫ਼ ਕਾਰਵਾਈ ਕਰ ਸਕਦੇ ਹਨ। ਭਾਰਤ ਵੀ ਇਸ ਦੇ ਘੇਰੇ ਵਿੱਚ ਆ ਸਕਦਾ ਹੈ।