Blast In Chandigarh: ਚੰਡੀਗੜ੍ਹ ਦੇ ਸੈਕਟਰ-26 ਸਥਿਤ ਕਲੱਬ ਨੇੜੇ ਮੰਗਲਵਾਰ ਸਵੇਰੇ ਦੋ ਜ਼ਬਰਦਸਤ ਧਮਾਕੇ ਹੋਏ, ਜਿਨ੍ਹਾਂ ਨੇ ਪੂਰਾ ਇਲਾਕਾ ਹਿਲਾ ਕੇ ਰੱਖ ਦਿੱਤਾ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਹੋਰ ਜਾਂਚ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਮੁਤਾਬਕ ਸੈਕਟਰ-26 ਸਥਿਤ ਦਿਉਰਾ ਕਲੱਬ ਦੇ ਬਾਹਰ ਬਾਈਕ 'ਤੇ ਆਏ ਦੋ ਨੌਜਵਾਨਾਂ ਨੇ ਧਮਾਕਾ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਧਮਾਕੇ ਨਾਲ ਕਲੱਬ ਦੇ ਸਾਰੇ ਸ਼ੀਸ਼ੇ ਚਕਨਾਚੂਰ ਹੋ ਗਏ। ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਬੰਬ ਸੀ ਜਾਂ ਕੋਈ ਹੋਰ ਵਿਸਫੋਟਕ ਪਦਾਰਥ। ਪੁਲਿਸ ਸਮੇਤ ਫੋਰੈਂਸਿਕ ਮਾਹਿਰ ਅਤੇ ਹੋਰ ਜਾਂਚ ਏਜੰਸੀਆਂ ਨੇ ਵੀ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਸ ਪੂਰੇ ਇਲਾਕੇ ਨੂੰ ਚਾਰੋਂ ਪਾਸਿਓਂ ਘੇਰ ਲਿਆ ਹੈ।
ਸਤੰਬਰ 'ਚ ਕੋਠੀ 'ਤੇ ਹੈਂਡ ਸੁੱਟਿਆ ਗਿਆ ਸੀ ਗ੍ਰਨੇਡ
11 ਸਤੰਬਰ ਨੂੰ ਚੰਡੀਗੜ੍ਹ ਦੇ ਸੈਕਟਰ-10 ਦੀ ਕੋਠੀ ਨੰਬਰ 575 'ਤੇ ਆਟੋ ਸਵਾਰ ਦੋ ਨੌਜਵਾਨਾਂ ਨੇ ਹੈਂਡ ਗ੍ਰਨੇਡ ਬੰਬ ਨਾਲ ਹਮਲਾ ਕੀਤਾ ਸੀ। ਇਸ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਕਰ ਰਹੀ ਹੈ। ਇਸ ਘਟਨਾ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਪਰ ਘਰ ਦੀਆਂ ਸਾਰੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।
ਮੁਲਜ਼ਮਾਂ ਨੂੰ 72 ਘੰਟਿਆਂ ਵਿੱਚ ਕਰ ਲਿਆ ਗਿਆ ਸੀ ਗ੍ਰਿਫਤਾਰ
ਇਸ ਮਾਮਲੇ 'ਚ ਵਿਦੇਸ਼ 'ਚ ਰਹਿੰਦੇ ਹੈਪੀ ਪਾਸ਼ੀਆ ਦਾ ਨਾਂ ਸਾਹਮਣੇ ਆਇਆ ਸੀ, ਜਿਸ 'ਚ ਉਸ ਨੇ ਪੰਜਾਬ ਪੁਲਸ 'ਚ ਐੱਸ.ਪੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਜਸਕੀਰਤ ਸਿੰਘ ਚਾਹਲ ਦੀ ਹੱਤਿਆ ਲਈ ਬੰਬ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ। ਘਟਨਾ ਦੇ 72 ਘੰਟੇ ਬਾਅਦ ਹੀ ਪੰਜਾਬ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਨੇ ਬੰਬ ਸੁੱਟਣ ਵਾਲੇ ਦੋ ਮੁਲਜ਼ਮਾਂ ਰੋਹਨ ਮਸੀਹ ਅਤੇ ਵਿਸ਼ਾਲ ਮਸੀਹ ਨੂੰ ਅੰਮ੍ਰਿਤਸਰ ਅਤੇ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਸੀ।