Punjab News; ਪੰਜਾਬ ਦੀ ਮੋਹਾਲੀ ਪੁਲਿਸ ਅਤੇ ਅਪਰਾਧੀ ਵਿਚਕਾਰ ਐਨਕਾਊਂਟਰ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੀ ਜਾਣਕਾਰੀ ਦਿੱਤੀ ਹੈ। ਉਸ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਪੋਸਟ ਕਰਦਿਆਂ ਲਿਖਿਆ ਕਿ ਐਸ.ਏ.ਐਸ.ਨਗਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਹਾਈਵੇਅ ਲੁਟੇਰਾ ਗਰੋਹ ਦਾ ਸਰਗਨਾ ਸਤਪ੍ਰੀਤ ਸਿੰਘ ਉਰਫ ਸੱਤੀ ਪਿੰਡ ਲੇਹਲੀ ਨੇੜੇ ਮੁਕਾਬਲੇ ਤੋਂ ਬਾਅਦ ਫੜਿਆ ਗਿਆ ਹੈ। ਇਹ ਗਰੋਹ ਖਾਸ ਤੌਰ 'ਤੇ ਅੰਬਾਲਾ-ਡੇਰਾਬੱਸੀ ਹਾਈਵੇ 'ਤੇ ਸਰਗਰਮ ਸੀ ਅਤੇ ਪੰਜਾਬ ਅਤੇ ਹਰਿਆਣਾ 'ਚ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।
ਮੁਲਜ਼ਮਾਂ ਕੋਲੋਂ ਪਿਸਤੌਲ ਅਤੇ ਜਿੰਦਾ ਕਾਰਤੂਸ ਬਰਾਮਦ
ਡੀਜੀਪੀ ਨੇ ਅੱਗੇ ਲਿਖਿਆ ਕਿ ਇਸ ਗਿਰੋਹ ਨੇ 3 ਅਤੇ 10 ਨਵੰਬਰ ਦੀ ਦੇਰ ਰਾਤ ਨੂੰ ਦੋ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਬੰਦੂਕ ਦੀ ਨੋਕ 'ਤੇ ਨਕਦੀ, ਮੋਬਾਈਲ ਫੋਨ ਅਤੇ ਸੋਨੇ ਦੇ ਗਹਿਣੇ ਲੈ ਗਏ। ਸਤਪ੍ਰੀਤ ਸਿੰਘ ਉਰਫ ਸੱਤੀ ਨੂੰ 32 ਕੈਲੀਬਰ ਪਿਸਤੌਲ ਅਤੇ 5 ਜਿੰਦਾ ਕਾਰਤੂਸ ਸਮੇਤ ਕਈ ਵਾਰਦਾਤਾਂ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਉਸ ਖ਼ਿਲਾਫ਼ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਉਸ ਦੇ ਸਾਥੀਆਂ ਦੀ ਪਛਾਣ ਕਰਨ ਅਤੇ ਗ੍ਰਿਫ਼ਤਾਰ ਕਰਨ ਲਈ ਪੁਲਿਸ ਵੱਲੋਂ ਜਾਂਚ ਜਾਰੀ ਹੈ।
ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਇਸ ਗਿਰੋਹ ਦੇ ਫੜੇ ਜਾਣ ਨਾਲ ਪੰਜਾਬ ਅਤੇ ਹਰਿਆਣਾ ਦੇ ਹਾਈਵੇਅ 'ਤੇ ਯਾਤਰੀਆਂ ਵਿਚ ਸੁਰੱਖਿਆ ਦਾ ਮਾਹੌਲ ਪੈਦਾ ਹੋਵੇਗਾ। ਮੁਹਾਲੀ ਪੁਲੀਸ ਅਨੁਸਾਰ ਲੁਟੇਰਾ ਗਰੋਹ ਦੇ ਆਗੂ ਸਤਪ੍ਰੀਤ ਸਿੰਘ ਉਰਫ਼ ਸੱਤੀ ਦੀ ਗ੍ਰਿਫ਼ਤਾਰੀ ਇੱਕ ਵੱਡੀ ਕਾਮਯਾਬੀ ਹੈ ਅਤੇ ਹਾਈਵੇਅ ’ਤੇ ਲੋਕਾਂ ਦੀ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣ ਵੱਲ ਇੱਕ ਅਹਿਮ ਕਦਮ ਹੈ।
ਜੋੜੇ ਨੂੰ ਗੋਲੀ ਮਾਰਨ ਵਾਲਾ ਦੋਸ਼ੀ ਗ੍ਰਿਫਤਾਰ
ਪੰਜਾਬ ਦੇ ਜਗਰਾਓਂ ਦੇ ਮੁੱਲਾਪੁਰ ਦਾਖਾ ਦੇ ਪ੍ਰੇਮ ਨਗਰ 'ਚ ਕਰਿਆਨੇ ਦੀ ਦੁਕਾਨ ਕਰਨ ਵਾਲੇ ਪਤੀ-ਪਤਨੀ ਨੂੰ ਗੋਲੀ ਮਾਰਨ ਵਾਲੇ ਦੋਸ਼ੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਪਿਸਤੌਲ, ਛੇ ਕਾਰਤੂਸ ਅਤੇ ਦੋ ਖੋਲ ਵੀ ਬਰਾਮਦ ਕੀਤੇ ਹਨ। ਮੁਲਜ਼ਮ ਦੀ ਪਛਾਣ ਸੁਰਿੰਦਰ ਸਿੰਘ ਉਰਫ ਛਿੰਦਾ ਵਜੋਂ ਹੋਈ ਹੈ। ਐਸਐਸਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਮੁਲਜ਼ਮ ਦਾ ਪਤੀ-ਪਤਨੀ ਨਾਲ 1 ਲੱਖ ਰੁਪਏ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ।