ਮੈਕਸੀਕੋ : ਸਿਟੀ ਦੀ ਸਰਹੱਦ 'ਤੇ ਗੋਲੀਬਾਰੀ 'ਚ ਤਿੰਨ ਸੁਰੱਖਿਆ ਬਲ ਜ਼ਖਮੀ ਹੋ ਗਏ। ਜਦਕਿ 10 ਸ਼ੱਕੀ ਅਪਰਾਧੀ ਮਾਰੇ ਗਏ। ਮੈਕਸੀਕੋ ਰਾਜ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਹਿੰਸਾ ਨੇ ਰਾਸ਼ਟਰਪਤੀ ਐਂਡਰੇਸ ਮੈਨੁਅਲ ਲੋਪੇਜ਼ ਓਬਰਾਡੋਰ ਦੀ ਸਰਕਾਰ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਮੈਕਸੀਕਨ ਸਟੇਟ ਪ੍ਰੌਸੀਕਿਊਟਰ ਦੇ ਦਫਤਰ ਨੇ ਟਵਿੱਟਰ 'ਤੇ ਕਿਹਾ ਕਿ ਇਕ ਭਾਰੀ ਹਥਿਆਰਬੰਦ ਸਮੂਹ ਨੇ ਟੇਕਸਕਾਲਟਿਲਟਨ ਦੀ ਛੋਟੀ ਨਗਰਪਾਲਿਕਾ ਵਿਚ ਇਕ ਕਾਰਵਾਈ ਦੌਰਾਨ ਸੁਰੱਖਿਆ ਬਲਾਂ 'ਤੇ ਹਮਲਾ ਕੀਤਾ। ਤਿੰਨ ਸੁਰੱਖਿਆ ਕਰਮਚਾਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਸ ਦੌਰਾਨ 10 ਸ਼ੱਕੀ ਅਪਰਾਧੀ ਮਾਰੇ ਗਏ ਜਦਕਿ 7 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ 'ਚੋਂ ਚਾਰ ਜ਼ਖਮੀ ਹੋ ਗਏ ਹਨ। ਰਾਜ ਸੁਰੱਖਿਆ ਬਲਾਂ ਨੇ 20 ਲੰਬੇ ਹਥਿਆਰ, ਹੈਂਡਗਨ, ਕਾਰਤੂਸ, ਪੰਜ ਵਾਹਨ, ਬੁਲੇਟਪਰੂਫ ਵੈਸਟ, ਫੌਜੀ ਸ਼ੈਲੀ ਦੀਆਂ ਵਰਦੀਆਂ ਅਤੇ ਸੰਚਾਰ ਉਪਕਰਨ ਜ਼ਬਤ ਕੀਤੇ ਹਨ।