Punjabi Man Death In Italy: ਇਟਲੀ ਤੋਂ ਬੇਹੱਦ ਮੰਦਭਾਗੀ ਖਬਰ ਆ ਰਹੀ ਹੈ। ਇੱਥੇ ਇੱਕ ਪੰਜਾਬੀ ਨੌਜਵਾਨ ਦੀ ਖੇਤ 'ਚ ਕੰਮ ਕਰਦੇ ਦੀ ਦਰਦਨਾਕ ਮੌਤ ਹੋ ਗਈ। ਪੰਜਾਬ ਦੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਵਸਨੀਕ ਦੀ ਇਟਲੀ ਵਿੱਚ ਟਰੈਕਟਰ ਹੇਠਾਂ ਕੁਚਲੇ ਜਾਣ ਨਾਲ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਟਰੈਕਟਰ ਦੇ ਪਿੱਛੇ ਰੋਟਾਵੇਟਰ ਮਸ਼ੀਨ ਲਗਾ ਕੇ ਖੇਤਾਂ ਵਿੱਚ ਜ਼ਮੀਨ ਨੂੰ ਪੱਧਰਾ ਕਰ ਰਿਹਾ ਸੀ। ਇਸ ਹਾਦਸੇ ਕਾਰਨ ਪਿੰਡ ਤਾਸ਼ਪੁਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਜਾਣਕਾਰੀ ਅਨੁਸਾਰ ਸੁਲਤਾਨਪੁਰ ਲੋਧੀ ਦੇ ਪਿੰਡ ਤਾਸ਼ਪੁਰ ਦਾ ਰਹਿਣ ਵਾਲਾ ਮਨਜਿੰਦਰ ਸਿੰਘ ਪਿਛਲੇ ਕਾਫੀ ਸਮੇਂ ਤੋਂ ਆਪਣੇ ਪਰਿਵਾਰ ਸਮੇਤ ਇਟਲੀ ਰਹਿ ਰਿਹਾ ਸੀ। ਜਿੱਥੇ ਕੰਪਾਨੀਆ ਦੇ ਪਿੰਡ ਬੱਤੀ ਪਾਲੀਆ (ਸਾਲੇਰਨੋ) ਨੇੜੇ ਇਬੋਲੀ ਦੇ ਕੰਪੋਲੋਗੋ ਵਿੱਚ ਉਹ ਇੱਕ ਟਰੈਕਟਰ ਦੇ ਪਿੱਛੇ ਰੋਟਾਵੇਟਰ ਮਸ਼ੀਨ ਲਗਾ ਕੇ ਖੇਤਾਂ ਦੀ ਜ਼ਮੀਨ ਨੂੰ ਪੱਧਰਾ ਕਰ ਰਿਹਾ ਸੀ। ਫਿਰ ਅਚਾਨਕ ਟਰੈਕਟਰ ਹੇਠਾਂ ਆ ਕੇ ਉਸ ਦੀ ਮੌਤ ਹੋ ਗਈ।
ਮਨਜਿੰਦਰ ਨਾਲ ਕੰਮ ਕਰਨ ਵਾਲੇ ਮਨਿੰਦਰ ਸਿੰਘ ਬੱਲ ਨੇ ਦੱਸਿਆ ਕਿ ਮ੍ਰਿਤਕ ਮਨਜਿੰਦਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਖੇਤਾਂ ਵਿੱਚ ਵਾਹੀ ਕਰ ਰਿਹਾ ਸੀ। ਉਹ ਦੁਪਹਿਰ ਵੇਲੇ ਕੰਮ ਛੱਡ ਕੇ ਕੁਝ ਦੂਰ ਖੇਤਾਂ ਵਿੱਚ ਆਰਾਮ ਕਰਨ ਚਲਾ ਗਿਆ। ਕੁਝ ਸਮੇਂ ਬਾਅਦ ਖੇਤ ਦਾ ਮਾਲਕ ਅਤੇ ਉਸ ਦਾ ਲੜਕਾ ਉਸ ਕੋਲ ਆਏ ਅਤੇ ਉਸ ਨੂੰ ਕਿਹਾ ਕਿ ਉਹ ਘਰੋਂ ਬਾਹਰ ਨਾ ਨਿਕਲੇ ਕਿਉਂਕਿ ਪੁਲਿਸ ਖੇਤਾਂ ਵਿੱਚ ਆ ਚੁੱਕੀ ਸੀ।
ਉਸ ਨੇ ਦੱਸਿਆ ਕਿ ਇਸ ਮਗਰੋਂ ਉਸ ਨੇ ਮਨਜਿੰਦਰ ਸਿੰਘ ਨਾਲ ਫੋਨ ’ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਜਵਾਬ ਨਹੀਂ ਆਇਆ। ਇਸ ’ਤੇ ਉਸ ਨੇ ਖੁਦ ਖੇਤ ਵਿੱਚ ਜਾ ਕੇ ਦੇਖਿਆ ਕਿ ਮਨਜਿੰਦਰ ਸਿੰਘ ਦੀ ਲਾਸ਼ ਟਰੈਕਟਰ ਹੇਠਾਂ ਕੁਚਲੀ ਹੋਈ ਪਈ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ, ਜਿਸ ਕਾਰਨ ਮਜ਼ਦੂਰ ਦੀ ਜਾਨ ਚਲੀ ਗਈ।