ਅਸਾਮ : ਕਾਂਗਰਸ ਦੀ ਸਾਬਕਾ ਸੰਸਦ ਮੈਂਬਰ ਅਤੇ ਇਸ ਵੇਲੇ ਮਹਿਲਾ ਵਿੰਗ ਦੀ ਪ੍ਰਧਾਨ ਸੁਸ਼ਮਿਤਾ ਦੇਵ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਇੱਕ ਪੱਤਰ ਰਾਹੀਂ ਸੋਨੀਆ ਗਾਂਧੀ ਨੂੰ ਅਸਤੀਫੇ ਦੀ ਜਾਣਕਾਰੀ ਦਿੱਤੀ ਹੈ। ਸੁਸ਼ਮਿਤਾ ਦੇਵ ਦਾ ਪਾਰਟੀ ਤੋਂ ਅਸਤੀਫਾ ਦੇਣਾ ਕਾਂਗਰਸ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਦਰਅਸਲ, ਸੁਸ਼ਮਿਤਾ ਦੇਵ 2014 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜ ਕੇ ਅਸਾਮ ਦੀ ਸਿਲਚਰ ਸੀਟ ਤੋਂ ਸੰਸਦ ਮੈਂਬਰ ਬਣੀ ਸੀ। ਇਸ ਤੋਂ ਬਾਅਦ ਉਸ ਨੂੰ ਆਲ ਇੰਡੀਆ ਮਹਿਲਾ ਕਾਂਗਰਸ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ। ਪਰ, ਅਸਮ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਸੁਸ਼ਮਿਤਾ ਦੇਵ ਦਾ ਅਸਤੀਫਾ ਕਾਂਗਰਸ ਲਈ ਹੋਰ ਵੀ ਮੁਸ਼ਕਲ ਬਣ ਗਿਆ ਹੈ। ਅਸਤੀਫਾ ਦੇਣ ਤੋਂ ਪਹਿਲਾਂ ਸੁਸ਼ਮਿਤਾ ਦੇਵ ਨੇ ਕਾਂਗਰਸ ਪਾਰਟੀ ਦਾ ਵਟਸਐਪ ਗਰੁੱਪ ਵੀ ਛੱਡ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਟਵਿੱਟਰ ਤੋਂ ਆਪਣੀ ਬਾਇਓ ਵੀ ਹਟਾ ਦਿੱਤੀ ਹੈ। ਹੁਣ ਉਸਨੇ ਆਪਣੇ ਆਪ ਨੂੰ ਬਾਇਓ ਵਿਚ ਕਾਂਗਰਸ ਪਾਰਟੀ ਦਾ ਇੱਕ ਸਾਬਕਾ ਨੇਤਾ ਦੱਸਿਆ ਹੈ। ਇਹ ਕਦਮ ਸੁਸ਼ਮਿਤਾ ਦੇਵ ਨੇ ਟਵਿੱਟਰ ਵੱਲੋਂ ਉਸ ਦੇ ਅਕਾਊਂਟ ਨੂੰ ਮੁਅੱਤਲ ਕਰਨ ਤੋਂ ਬਾਅਦ ਚੁੱਕਿਆ ਹੈ। ਸੁਸ਼ਮਿਤਾ ਉਨ੍ਹਾਂ ਨੇਤਾਵਾਂ ਵਿਚੋਂ ਇੱਕ ਹੈ ਜਿਨ੍ਹਾਂ ਦਾ ਟਵਿੱਟਰ ਅਕਾਊਂਟ ਰਾਹੁਲ ਗਾਂਧੀ ਦੇ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।