ਚੰਡੀਗੜ੍ਹ: ਵਿੱਕੀ ਮਿੱਡੂਖੇੜਾ ਦੇ ਕਾਤਲਾਂ ਸਬੰਧੀ ਪੁਲਿਸ ਨੇ ਸੋਮਵਾਰ ਨੂੰ ਚਾਰ ਹਮਲਾਵਰਾਂ ਵਿੱਚੋਂ ਦੋ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਹੈ। ਇਥੇ ਦਸ ਦੀਏ ਕਿ ਬੀਤੇ ਸਨਿਚਰਵਾਰ ਯੂਥ ਅਕਾਲੀ ਦਲ ਦੇ ਨੇਤਾ ਵਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ ਦੀ ਮੁਹਾਲੀ ਦੇ ਸੈਕਟਰ 71 ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਾਣਕਾਰੀ ਅਨੁਸਾਰ ਸੀਸੀਟੀਵੀ ਫੁਟੇਜ ਅਤੇ ਮੌਕੇ ਦੇ ਗਵਾਹਾਂ ਅਨੁਸਾਰ ਚਾਰੇ ਹਮਲਾਵਰ ਚਿੱਟੇ ਰੰਗ ਦੀ ਹੁੰਡਈ ਆਈ-20 ਕਾਰ ਵਿੱਚ ਆਏ ਸਨ। ਹੁਣ ਪੁਲਿਸ ਨੂੰ ਜਾਂਚ ਤੋਂ ਪਤਾ ਲੱਗਾ ਹੈ ਕਿ ਹਮਲੇ ਤੋਂ ਬਾਅਦ ਹਮਲਾਵਰ ਸੈਕਟਰ 76 ਰਾਹੀਂ ਖਰੜ ਵੱਲ ਭੱਜ ਗਏ ਸਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਅਨੁਸਾਰ ਗੋਲੀ ਚਲਾਉਣ ਵਾਲਿਆਂ ਵਿੱਚੋਂ ਦੋ ਦੀ ਪਛਾਣ ਕਰ ਲਈ ਗਈ ਹੈ ਅਤੇ ਮੁਲਜਮਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਪੁਲਿਸ ਨੂੰ ਸ਼ੱਕ ਹੈ ਕਿ ਕਤਲ ਉਹੀ ਬੰਦਿਆਂ ਨੇ ਕੀਤਾ ਸੀ ਜਿਨ੍ਹਾਂ ਨੇ 20 ਜੂਨ ਨੂੰ ਜਲੰਧਰ ਵਿੱਚ ਯੂਥ ਕਾਂਗਰਸੀ ਆਗੂ ਸੁਖਮੀਤ ਸਿੰਘ ਡਿਪਟੀ ਦੀ ਹੱਤਿਆ ਕੀਤੀ ਸੀ। ਸੀਨੀਅਰ ਪੁਲਿਸ ਕਪਤਾਨ ਸਤਿੰਦਰ ਸਿੰਘ ਨੇ ਮੀਡੀਆ ਨੂੰ ਦਸਿਆ ਕਿ ਸਾਨੂੰ ਅਹਿਮ ਲੀਡ ਮਿਲੀ ਹੈ ਤੇ ਮਾਮਲਾ ਛੇਤੀ ਹੀ ਹੱਲ ਕਰ ਲਿਆ ਜਾਵੇਗਾ। ਪੁਲਿਸ ਹੁਣ ਤਕ ਲਗਪਗ 25 ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਹੈ, ਜੋ ਮੁੱਖ ਸ਼ੱਕੀ ਗੈਂਗਸਟਰ ਗੌਰਵ ਪਟਿਆਲ ਉਰਫ ਲੱਕੀ ਨਾਲ ਜੁੜੇ ਹੋਏ ਹਨ। ਉਹ ਇਸ ਵੇਲੇ ਅਰਮੀਨੀਆ ਦੀ ਜੇਲ੍ਹ ਵਿੱਚ ਬੰਦ ਹੈ, ਜਿੱਥੋਂ ਉਹ ਦਵਿੰਦਰ ਬੰਬੀਹਾ ਗੈਂਗ ਦੇ ਆਪਰੇਸ਼ਨ ਚਲਾ ਰਿਹਾ ਹੈ। ਇਸ ਨੇ ਵਿੱਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਸੋਮਵਾਰ ਨੂੰ ਮੋਹਾਲੀ ਪੁਲਿਸ ਸੰਗਰੂਰ ਜੇਲ੍ਹ ਤੋਂ ਪੁੱਛਗਿੱਛ ਲਈ ਗੈਂਗਸਟਰ ਸੁਖਪ੍ਰੀਤ ਬੁੱਢਾ, ਜੋ ਲੱਕੀ ਦਾ ਕਰੀਬੀ ਸਹਿਯੋਗੀ ਹੈ, ਨੂੰ ਵੀ ਲੈ ਕੇ ਆਈ। ਉਹ ਜਨਵਰੀ 2020 ਤੋਂ ਉਥੇ ਬੰਦ ਹੈ।