ਕਿੰਨੌਰ : ਭਾਰੀ ਬਰਸਾਤ ਕਾਰਨ ਪਹਾੜਾਂ ਵਿਚ ਅਕਸਰ ਜ਼ਮੀਨ ਖਿਸਕਨ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਇਸੇ ਲੜੀ ਵਿਚ ਹੁਣ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਦੇ ਨਿਗੁਲਸੇਰੀ ਕੌਮੀ ਮਾਰਗ-5 ’ਤੇ ਚੀਲ ਜੰਗਲ ਨੇੜ੍ਹੇ ਚੱਟਾਨਾਂ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਐੱਚ.ਆਰ.ਟੀ.ਸੀ. ਬੱਸ ਸਣੇ ਹੋਰ ਵਾਹਨਾਂ ਦੇ ਲਪੇਟ ’ਚ ਆ ਗਏ ਹਨ ਅਤੇ ਇਹ ਵਾਹਨ ਚੱਟਾਨਾਂ ਦੇ ਮਲਬੇ ਹੇਠ ਦੱਬ ਗਏ ਹਨ। ਬਚਾਉ ਕਾਰਜਾਂ ਵਿਚ ਇੱਕ ਮ੍ਰਿਤਕ ਦੇਹ ਬਰਾਮਦ ਕਰ ਲਈ ਗਈ ਹੈ ਜਦਕਿ 30 ਦੇ ਕਰੀਬ ਲੋਕਾਂ ਦੇ ਮਲਬੇ ਵਿੱਚ ਦੱਬੇ ਹੋਣ ਦਾ ਖਦਸ਼ਾ ਹੈ। ਹੁਣ ਤਕ 6 ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਤੇ ਹੋਰਾਂ ਦੀ ਭਾਲ ਜਾਰੀ ਹੈ। ਇਸ ਸਬੰਧੀ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਦੱਸਿਆ ਕਿ ਨਿਗੁਲਸੇਰੀ, ਕਿੰਨੌਰ ਵਿੱਚ ਪਹਾੜ ਖਿਸਕਣ ਕਾਰਨ ਮਲਬੇ ਹੇਠ ਵਾਹਨਾਂ ਦੇ ਆਉਣ ਦਾ ਮਾੜਾ ਸਮਾਚਾਰ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿੰਨੌਰ ਪ੍ਰਸ਼ਾਸਨ ਨੂੰ ਰਾਹਤ - ਬਚਾਅ ਕਾਰਜ ਦੇ ਨਿਰਦੇਸ਼ ਦੇ ਦਿੱਤੇ ਹਨ।