ਨਵੀਂ ਦਿੱਲੀ : ਦਿੱਲੀ ਸਰਕਾਰ ਦੇ ਤੱਤਕਾਲੀਨ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਦੇ ਨਾਲ ਬਦਸਲੂਕੀ ਤੇ ਕੁੱਟਮਾਰ ਦੇ ਮਾਮਲੇ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੂੰ 3 ਸਾਲਾਂ ਬਾਅਦ ਵੱਡੀ ਰਾਹਤ ਮਿਲੀ। ਦਿੱਲੀ ਦੀ ਰਾਉਜ ਏਵੇਨਿਊ ਕੋਰਟ ਨੇ ਬੁੱਧਵਾਰ ਨੂੰ ਇਸ ਮਾਮਲੇ ’ਚ ਅਮਾਨਤੁੱਲ੍ਹਾ ਖਾਨ ਤੇ ਪ੍ਰਕਾਸ਼ ਜਾਰਵਾਲ ਨੂੰ ਛੱਡ ਕੇ ਸਭ ਨੂੰ ਬਰੀ ਕਰ ਦਿੱਤਾ ਹੈ। ਇਨ੍ਹਾਂ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੌਦੀਆ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ 11 ਵਿਧਾਇਕਾਂ ਦੇ ਨਾਂਅ ਸ਼ਾਮਲ ਸਨ। ਜ਼ਿਕਰਯੋਗ ਹੈ ਕਿ 19 ਫਰਵਰੀ 2018 ਦੀ ਅੱਧੀ ਰਾਤ 12 ਵਜੇ ਕੇਜਰੀਵਾਲ ਦੇ ਸਿਵਲ ਲਾਇੰਸ ਸਥਿਤ ਰਿਹਾਇਸ਼ ’ਤੇ ਮੁੱਖ ਸਕੱਤਰ ਨਾਲ ਹੋਈ ਬਦਸਲੂਕੀ ਤੇ ਕੁੱਟਮਾਰ ਦੀ ਘਟਨਾ ਤੋਂ ਬਾਅਦ 21 ਫਰਵਰੀ ਦੀ ਸਵੇਰੇ ਸਿਵਿਲ ਲਾਇੰਸ ਥਾਣਾ ਪੁਲਿਸ ਨੇ ਵੀ. ਕੇ. ਜੈਨ ਤੋਂ ਪੁੱਛਗਿੱਛ ਕੀਤੀ ਸੀ। ਪਹਿਲਾਂ ਤਾਂ ਉਨ੍ਹਾਂ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਦਿੱਲੀ ਪੁਲਿਸ ਨੇ ਅਗਲੇ ਦਿਨ 22 ਫਰਵਰੀ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਬੰਦ ਕਰਮੇ ’ਚ ਉਨ੍ਹਾਂ ਦਾ ਧਾਰਾ 164 ਤਹਿਤ ਬਿਆਨ ਦਰਜ ਕਰਵਾ ਦਿੱਤਾ ਤਾਂ ਕਿ ਉਹ ਸਭ ਕੁਝ ਸੱਚ ਦੱਸ ਸਕੇ ਮੈਜਿਸਟ੍ਰੇਟ ਦੇ ਸਾਹਮਣੇ ਬਿਆਨ ’ਚ ਉਨ੍ਹਾਂ ਘਟਨਾ ਦੀ ਪੂਰੀ ਕਹਾਣੀ ਜ਼ਾਹਿਰ ਕਰ ਦਿੱਤੀ ਸੀ ਉਦੋਂ ਪੁਲਿਸ ਨੇ ਉਨ੍ਹਾਂ ਨੂੰ ਕੇਸ ਦਾ ਮੁੱਖ ਗਵਾਹ ਬਣਾ ਲਿਆ ਸੀ।