Sharon Tate Murder: ਪੁਰਾਣੇ ਜ਼ਮਾਨੇ ਦੀ ਹਾਲੀਵੁੱਡ ਅਦਾਕਾਰਾ ਸ਼ਾਰੋਨ ਟੇਟ ਆਪਣੇ ਸਮੇਂ ਦੀ ਸਭ ਤੋਂ ਸੋਹਣੀ ਹੀਰੋਈਨ ਸੀ। ਉਹ 60 ਦੇ ਦਹਾਕਿਆਂ `ਚ ਟੌਪ ਦੀ ਅਭਿਨੇਤਰੀ ਸੀ। ਉਸ ਦੀ ਖੂਬਸੂਰਤੀ ਸਾਹਮਣੇ ਵੱਡੀ ਵੱਡੀ ਅਭਿਨੇਤਰੀਆਂ ਵੀ ਫੇਲ੍ਹ ਸੀ। ਸ਼ਾਰੋਨ ਟੇਟ ਦੀ ਜ਼ਿੰਦਗੀ `ਚ ਸਭ ਕੁੱਝ ਸਹੀ ਚੱਲ ਰਿਹਾ ਸੀ। ਉਹ ਹਾਲੀਵੁੱਡ ਦੀ ਟੌਪ ਅਭਿਨੇਤਰੀ ਸੀ। ਉਨ੍ਹਾਂ ਨੇ 25 ਸਾਲ ਦੀ ਉਮਰ `ਚ ਪ੍ਰਸਿੱਧ ਫ਼ਿਲਮ ਮੇਕਰ ਰੋਮਨ ਪਲਿੰਸਕੀ ਨਾਲ ਵਿਆਹ ਕੀਤਾ ਸੀ। ਸਭ ਕੁੱਝ ਸਹੀ ਚੱਲ ਰਿਹਾ ਸੀ।
ਫ਼ਿਰ ਆਇਆ 8 ਅਗਸਤ 1969 ਦਾ ਦਿਨ। ਸ਼ਾਰੋਨ ਦੇ ਪਤੀ ਪਲਿੰਸਕੀ ਵਿਦੇਸ਼ ਗਏ ਸੀ। ਇਸ ਦੌਰਾਨ ਸ਼ਾਰੋਨ ਘਰ `ਚ ਇਕੱਲੀ ਨਹੀਂ ਰਹਿਣਾ ਚਾਹੁੰਦੀ ਸੀ। ਇਸ ਕਰਕੇ ਉਸ ਨੇ ਆਪਣੇ ਕੁੱਝ ਦੋਸਤਾਂ ਨੂੰ ਆਪਣੇ ਘਰ ਦਾਵਤ ਲਈ ਬੁਲਾ ਲਿਆ। ਪਰ ਸ਼ਾਰੋਨ ਟੇਟ ਨੂੰ ਇਹ ਨਹੀਂ ਪਤਾ ਹੋਣਾ ਕਿ ਅੱਜ ਦੀ ਰਾਤ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਪਲਟਣ ਵਾਲੀ ਹੈ।
8 ਅਗਸਤ ਦੀ ਰਾਤ ਕਰੀਬ 8 ਵਜੇ ਸ਼ਾਰੋਨ ਦੇ ਦੋਸਤ ਉਨ੍ਹਾਂ ਦੇ ਘਰ ਆ ਗਏ। ਦਾਵਤ ਸ਼ੁਰੂ ਹੋ ਗਈ। ਇਸ ਦਰਮਿਆਨ 4 ਲੋਕ ਜੋ ਪਹਿਲਾਂ ਤੋਂ ਹੀ ਸ਼ਾਰੋਨ ਟੇਟ ਦੇ ਘਰ ਨੂੰ ਨਿਸ਼ਾਨਾ ਬਣਾਉਣ ਦੀ ਸਾਜਸ਼ ਕਰ ਰਹੇ ਸੀ। ਇਨ੍ਹਾਂ ਸਾਈਕੋ ਕਿੱਲਰਜ਼ (ਕਾਤਲਾਂ) ਨੇ ਬੜੀ ਚਲਾਕੀ ਨਾਲ ਘਰ ਦੇ ਅੰਦਰ ਐਂਟਰੀ ਲਈ। ਇੱਕ ਸ਼ਖਸ ਨੇ ਸਭ ਤੋਂ ਖੰਭੇ ਉੱਪਰ ਚੜ੍ਹ ਕੇ ਟੈਲੀਫ਼ੋਨ ਦੀ ਲਾਈਨ ਕੱਟੀ ਤਾਂ ਕਿ ਘਰ ਦੇ ਅੰਦਰ ਮੌਜੂਦ ਲੋਕ ਫ਼ੋਨ ਦਾ ਇਸਤੇਮਾਲ ਨਾ ਕਰ ਸਕਣ।
ਇਹ ਚਾਰ ਸ਼ਖਸ ਮੈਨਸਨ ਪਰਿਵਾਰ ਦੇ ਮੈਂਬਰ ਸੀ। (ਮੈਨਸਨ ਪਰਿਵਾਰ ਅਮਰੀਕਾ ਦਾ ਇਕ ਪਰਿਵਾਰ ਸੀ, ਜੋ ਕਿ ਕਾਲਾ ਜਾਦੂ ਤੇ ਹੋਰ ਸ਼ੈਤਾਨੀ ਕੰਮ `ਚ ਰੂਚੀ ਰੱਖਦੇ ਸੀ। ਕਿਹਾ ਜਾਂਦਾ ਹੈ ਕਿ ਇਹ ਜਾਦੂ ਟੋਣੇ ਦੀਆਂ ਕਿਰਿਆਵਾਂ ਨੂੰ ਪੂਰਾ ਕਰਨ ਲਈ ਹੀ ਕਤਲ ਕਰਦੇ ਸੀ।) ਇਸ ਤੋਂ ਬਾਅਦ ਮੈਨਸਨ ਫ਼ੈਮਿਲੀ ਨੇ ਦਰਖਤ ਤੇ ਚੜ੍ਹ ਕੇ ਘਰ ਦੇ ਵਿਹੜੇ `ਚ ਛਾਲ ਮਾਰ ਦਿੱਤੀ।
ਇਸ ਦੌਰਾਨ ਸ਼ਾਰੋਨ ਦਾ ਇੱਕ ਦੋਸਤ ਘਰ ਦੇ ਬਾਹਰ ਸੀ। ਉਸ ਨੇ ਇਨ੍ਹਾਂ ਕਾਤਲਾਂ ਨੂੰ ਦੇਖਿਆ ਤਾਂ ਕਾਰ ਤੋਂ ਬਾਹਰ ਨਿਕਲ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਇੱਕ ਸ਼ਖਸ ਨੇ ਉਸ ਤੇ ਗੋਲੀਆਂ ਚਲਾ ਦਿਤੀਆਂ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।
ਹੁਣ ਮੈਨਸਨ ਫ਼ੈਮਿਲੀ ਘਰ ਦੇ ਅੰਦਰ ਦਾਖਲ ਹੋ ਚੁੱਕੀ ਸੀ। ਕਾਤਲਾਂ ਨੇ ਸ਼ਾਰੋਨ ਟੇਟ ਤੇ ਉਨ੍ਹਾਂ ਦੇ ਦੋਸਤਾਂ ਨੂੰ ਡਰਾਇੰਗ ਰੂਮ `ਚ ਇਕੱਠਾ ਕਰ ਲਿਆ। ਇੱਕ ਕਾਤਲ ਨੇ ਸ਼ਾਰੋਨ ਤੇ ਉਨ੍ਹਾਂ ਦੇ ਦੋਸਤ ਜੋ ਦੇ ਗਲ `ਚ ਰੱਸੀ ਪਾ ਕੇ ਦੋਵਾਂ ਨੂੰ ਬੰਨ੍ਹ ਦਿੱਤਾ। ਇਸ ਤੋਂ ਬਾਅਦ ਜੋ ਨੇ ਸ਼ਾਰੋਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਕਾਤਲਾਂ ਨੇ ਜੋ ਨੂੰ ਪਹਿਲਾਂ ਚਾਕੂਆਂ ਨਾਲ ਮਾਰਿਆ ਤੇ ਫ਼ਿਰ ਪਿਸਤੌਲ ਨਾਲ ਦੋ ਗੋਲੀਆਂ ਚਲਾਈਆਂ।
ਘਰ ਦੇ ਅੰਦਰ ਇਸ ਤਰ੍ਹਾਂ ਕਤਲ ਹੁੰਦੇ ਦੇਖ ਸਭ ਲੋਕ ਦਹਿਸ਼ਤ `ਚ ਆ ਗਏ। ਸ਼ਾਰੋਨ ਦੇ ਦੋਸਤ ਫ਼ਰਾਇਕੋਸਕੀ ਦੇ ਹੱਥ ਤੌਲੀਏ ਨਾਲ ਬੰਨ੍ਹ ਦਿੱਤੇ ਗਏ। ਜੋ ਕਿ ਉਸ ਨੇ ਛੁਡਾ ਲਏ। ਉਹ ਤੁਰੰਤ ਹੱਥ ਛੁਡਾ ਕੇ ਲਿਵਿੰਗ ਰੂਮ ਵੱਲ ਭੱਜਿਆ, ਪਰ ਕਾਤਲਾਂ ਦੇ ਹੱਥੇ ਚੜ੍ਹ ਗਿਆ ਤੇ ਬੇਰਹਿਮੀ ਨਾਲ ਮਾਰਿਆ ਗਿਆ।
ਸ਼ਾਰੋਨ ਨੇ ਮੰਗੀ ਸੀ ਤਰਸ ਦੀ ਭੀਖ
ਦੋ ਕਤਲ ਤੋਂ ਬਾਅਦ ਤੀਜਾ ਵੀ ਹੋਇਆ। ਹੁਣ ਕਾਤਲ ਸ਼ਾਰੋਨ ਵੱਲ ਵਧ ਰਹੇ ਸੀ। ਕਾਤਲਾਂ ਨੂੰ ਆਪਣੇ ਵੱਲ ਆਉਂਦੇ ਦੇਖ ਉਹ ਉਨ੍ਹਾਂ ਦੇ ਪੈਰੀਂ ਡਿੱਗ ਗਈ। ਇਸ ਦੌਰਾਨ ਸ਼ਾਰੋਨ ਨੇ ਮੈਨਸਨ ਪਰਿਵਾਰ ਦੀਆਂ ਮਿਨਤਾਂ ਕੀਤੀਆਂ ਕਿ ਉਸ ਨੂੰ ਬੰਧਕ ਬਣਾ ਕੇ ਰੱਖਿਆ ਜਾਵੇ ਕਿਉਂਕਿ ਥੋੜੇ ਹੀ ਦਿਨਾਂ `ਚ ਉਸ ਦੇ ਬੱਚੇ ਦਾ ਜਨਮ ਹੋਣ ਵਾਲਾ ਹੈ। ਜਦੋਂ ਬੱਚੇ ਦਾ ਜਨਮ ਹੋ ਜਾਵੇਗਾ ਤਾਂ ਉਹ ਬੇਸ਼ੱਕ ਉਸ ਨੂੰ ਮਾਰ ਦੇਣ। ਪਰ ਕਾਤਲਾਂ ਨੇ ਸ਼ਾਰੋਨ ਤੇ ਤਰਸ ਨਹੀਂ ਖਾਧਾ। ਸ਼ਾਰੋਨ ਦੇ ਪੇਟ `ਚ ਚਾਕੂ ਨਾਲ 16 ਵਾਰ ਕੀਤੇ ਗਏ। ਕਾਤਲਾਂ ਨੇ ਚਾਕੂ ਇੰਨੀਂ ਜ਼ੋਰ ਨਾਲ ਮਾਰਿਆ ਕਿ ਸ਼ਾਰੋਨ ਦੇ ਗਰਭ `ਚ ਪਲ ਰਿਹਾ ਬੱਚਾ ਫਰਸ਼ ਤੇ ਡਿੱਗ ਪਿਆ ਸੀ। ਅਗਲੀ ਸਵੇਰ ਸ਼ਾਰੋਨ ਦੇ ਪਤੀ ਰੋਮਨ ਪੋਲਿੰਸਕੀ ਲਾਸ ਏਂਜਲਸ ਪਰਤੇ ਤਾਂ ਉਨ੍ਹਾਂ ਨੂੰ ਸਾਰੀ ਕਹਾਣੀ ਪਤਾ ਲੱਗੀ। 13 ਅਗਸਤ 1969 ਨੂੰ ਸ਼ਾਰੋਨ ਟੇਟ ਨੂੰ ਉਨ੍ਹਾਂ ਦੇ ਬੱਚੇ ਸਮੇਤ ਦਫ਼ਨਾਇਆ ਗਿਆ।
ਮਜ਼ੇ ਲਈ ਕੀਤਾ ਸੀ ਕਤਲ
ਲਾਸ ਏਂਜਲਸ ਪੁਲਿਸ ਨੇ ਮੈਨਸਨ ਪਰਿਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਆਪਣੇ ਇਕਬਾਲੇ ਜੁਰਮ `ਚ ਕਾਤਲਾਂ ਨੇ ਕਬੂਲਿਆ ਸੀ ਕਿ ਉਨ੍ਹਾਂ ਨੇ ਸਿਰਫ਼ ਮਜ਼ੇ ਲਈ ਇਹ ਕਤਲ ਕੀਤਾ ਸੀ। ਉਹ ਚਾਹੁੰਦੇ ਸੀ ਕਿ ਦੁਨੀਆ `ਚ ਉਨ੍ਹਾਂ ਦਾ ਨਾਂ ਹੋਵੇ। ਉਨ੍ਹਾਂ ਦੀ ਖੂਬ ਚਰਚਾ ਹੋਵੇ। ਸ਼ਾਰੋਨ ਟੇਟ ਉਸ ਸਮੇਂ ਕਾਫ਼ੀ ਪ੍ਰਸਿੱਧ ਸੀ। ਉਸ ਤੋਂ ਵਧੀਆ ਸ਼ਿਕਾਰ ਕੋਈ ਹੋ ਹੀ ਨਹੀਂ ਸਕਦਾ ਸੀ।