ਚੰਡੀਗੜ੍ਹ: ਭਾਰਤ ਵਿਚ ਇਸ ਸਮੇਂ ਤਿਉਹਾਰਾਂ ਦਾ ਮੌਸਮ ਚਲ ਰਿਹਾ ਹੈ। ਅਕਤੂਬਰ ਦੇ ਮਹੀਨੇ ਚ ਕਈ ਤਿਉਹਾਰ ਹੋਣ ਕਰਕੇ ਦੇਸ਼ ਭਰ ਵਿਚ ਰੌਣਕ ਭਰਿਆ ਮਾਹੌਲ ਹੈ। ਹਾਲ ਹੀ ਚ ਦੇਸ਼ ਭਰ ਵਿਚ ਧੂਮਧਾਮ ਨਾਲ ਦੁਸਹਿਰਾ ਮਨਾਇਆ ਗਿਆ ਤੇ ਹੁਣ 19 ਅਕਤੂਬਰ ਨੂੰ ਕਰਵਾ ਚੌਥ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ।
ਪਰ ਇਸ ਤੋਂ ਪਹਿਲਾਂ ਭਾਰਤ ਦੇ ਵਾਸੀਆਂ ਲਈ ਚੰਗੀ ਖਬਰ ਨਹੀਂ ਆ ਰਹੀ ਹੈ। ਤਿਉਹਾਰਾਂ ਦੇ ਸੀਜ਼ਨ ਚ ਅਕਸਰ ਹੀ ਲੋਕ ਸੋਨਾ ਚਾਂਦੀ ਦੀ ਖਰੀਦਦਾਰੀ ਕਰਦੇ ਹਨ। ਪਰ ਇਸ ਸਾਲ ਜਿਸ ਤਰ੍ਹਾਂ ਸੋਨੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ, ਉਸ ਨੂੰ ਦੇਖ ਕੇ ਲਗਦਾ ਹੈ ਕੇ ਭਾਰਤ ਦੇ ਲੋਕ ਸ਼ਾਇਦ ਹੀ ਸੋਨਾ ਖਰੀਦਣ।
ਕਿਉੰਕਿ ਹੁਣ ਫਿਰ ਤੋਂ ਹਾਲ ਹੀ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਦੱਸ ਦੇਈਏ ਕਿ ਸੋਨਾ 270 ਰੁਪਏ ਪ੍ਰਤੀ 10 ਗ੍ਰਾਮ ਮਹਿੰਗਾ ਹੋ ਗਿਆ। ਉਥੇ ਹੀ ਜੇਕਰ ਚਾਂਦੀ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਵੀ 1000 ਰੁਪਏ ਪ੍ਰਤੀ ਕਿਲੋ ਵਧ ਗਈ ਹੈ। ਜਿਸ ਤੋਂ ਬਾਅਦ ਇਸ ਦੀ ਕੀਮਤ 97,000 ਰੁਪਏ ਪ੍ਰਤੀ ਕਿਲੋ ਹੋ ਗਈ।
ਇਸ ਦੇ ਨਾਲ ਹੀ ਸੋਮਵਾਰ ਨੂੰ ਸਰਾਫਾ ਬਾਜ਼ਾਰ ਵਿਚ 24 ਕੈਰੇਟ ਸੋਨੇ ਦੀ ਕੀਮਤ 270 ਰੁਪਏ ਵਧ ਕੇ 77820 ਰੁਪਏ ਪ੍ਰਤੀ 10 ਗ੍ਰਾਮ ਉਤੇ ਪਹੁੰਚ ਗਈ। ਇਸ ਤੋਂ ਪਹਿਲਾਂ 13 ਅਕਤੂਬਰ ਨੂੰ ਇਸ ਦੀ ਕੀਮਤ 77,550 ਰੁਪਏ ਪ੍ਰਤੀ 10 ਗ੍ਰਾਮ ਸੀ। ਉਥੇ ਹੀ ਜੇਕਰ 22 ਕੈਰੇਟ ਸੋਨੇ ਦੀ ਕੀਮਤ ਦੀ ਗੱਲ ਕਰੀਏ ਤਾਂ ਸੋਮਵਾਰ ਨੂੰ ਇਸ ਦੀ ਕੀਮਤ 250 ਰੁਪਏ ਵਧ ਕੇ 71,350 ਰੁਪਏ ਹੋ ਗਈ। ਇਸ ਤੋਂ ਪਹਿਲਾਂ 13 ਅਕਤੂਬਰ ਨੂੰ ਇਸ ਦੀ ਕੀਮਤ 71100 ਰੁਪਏ ਸੀ।
ਦੱਸ ਦੇਈਏ ਕਿ ਤਿਉਹਾਰਾਂ ਦੇ ਸੀਜ਼ਨ ਚ ਲੋਕ ਸੋਨੇ ਚਾਂਦੀ ਦੀ ਖਰੀਦਦਾਰੀ ਕਰਦੇ ਹਨ, ਪਰ ਇਸ ਸਾਲ ਜਿਸ ਤਰ੍ਹਾਂ ਸੋਨੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਉਸ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਕੇ ਹੁਣ ਸੋਨਾ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਰਿਹਾ ਹੈ।