ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਨੂੰ ਉਸਦੀ ਸਖ਼ਤੀ ਕਰਕੇ ਜਾਣਿਆ ਜਾਂਦਾ ਹੈ, ਖਾਸ ਕਰਕੇ ਇਸਦੇ ਟਰੈਫਿਕ ਰੂਲਜ਼ ਪੂਰੇ ਉੱਤਰ ਭਾਰਤ ਵਿਚ ਮਸ਼ਹੂਰ ਹਨ। ਚੰਡੀਗੜ੍ਹ ਟ੍ਰੈਫਿਕ ਪੁਲਿਸ ਸੜਕ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦਾ ਲਿਹਾਜ ਨਹੀਂ ਰੱਖੜੀ। ਇਸੇ ਕਰਕੇ ਪੰਜਾਬ ਚ ਭਾਵੇਂ ਕੋਈ ਕਿੰਨੇ ਮਰਜੀ ਟਰੈਫਿਕ ਨਿਯਮ ਤੋੜਦਾ ਹੋਵੇ, ਪਰ ਚੰਡੀਗੜ੍ਹ ਚ ਐਂਟਰੀ ਤੋਂ ਪਹਿਲਾਂ ਹੀ ਹਰ ਕੋਈ ਸਿੱਧਾ ਹੋ ਜਾਂਦਾ ਹੈ।
ਹੁਣ ਚੰਡੀਗੜ੍ਹ ਦੀ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਹੋਰ ਟੈਂਸ਼ਨ ਵਿੱਚ ਪਾ ਦਿੱਤਾ ਹੈ। ਇਸਦੀ ਵਜ੍ਹਾ ਹੈ ਪੁਲਿਸ ਦਾ ਨਵਾਂ ਟ੍ਰੈਫ਼ਿਕ ਨਿਯਮ। ਜੀ ਹਾਂ ਇਸ ਨਵੇਂ ਨਿਯਮ ਦੇ ਅਨੁਸਾਰ ਜੇ ਤੁਸੀਂ ਉਲੰਘਣਾ ਕਰਦੇ ਪਾਏ ਗਏ ਤਾਂ ਤੁਹਾਨੂੰ ਭਾਰੀ ਜੁਰਮਾਨਾ ਭਰਨਾ ਪਵੇਗਾ। ਹੁਣ ਜੇਕਰ ਤੁਸੀਂ ਆਪਣੀ ਕਾਰ ਦੀ ਨੰਬਰ ਪਲੇਟ 'ਤੇ ਧਰਮ, ਜਾਤ ਜਾਂ ਕੋਈ ਫੈਂਸੀ ਸਲੋਗਨ ਲਿਖ ਕੇ ਆਪਣੀ ਕਾਰ ਨੂੰ ਇੱਕ ਵੱਖਰਾ ਲੁੱਕ ਦੇਣਾ ਚਾਹੁੰਦੇ ਹੋ ਤਾਂ ਸਾਵਧਾਨ ਹੋ ਜਾਓ।
ਮੋਟਰ ਵਹੀਕਲ ਐਕਟ, 1988 ਦੇ ਤਹਿਤ ਅਜਿਹਾ ਕਰਨਾ ਗੈਰ-ਕਾਨੂੰਨੀ ਹੈ ਅਤੇ ਤੁਹਾਨੂੰ ਭਾਰੀ ਜੁਰਮਾਨਾ ਹੋ ਸਕਦਾ ਹੈ। ਪੁਲਿਸ ਨੇ ਜੇ ਤੁਹਾਡੇ ਵਾਹਨ ਦੀ ਨੰਬਰ ਪਲੇਟ ਉੱਤੇ ਅਜਿਹਾ ਕੁੱਝ ਦੇਖ ਲਿਆ ਤਾਂ ਤੁਹਾਡੇ ਲਈ ਮੁਸੀਬਤ ਵੱਧ ਸਕਦੀ ਹੈ।
ਲੋਕ ਅਕਸਰ ਵਾਹਨਾਂ ਦੀਆਂ ਨੰਬਰ ਪਲੇਟਾਂ 'ਤੇ ਧਰਮ, ਜਾਤ ਨਾਲ ਸਬੰਧਤ ਸ਼ਬਦ, ਕਵਿਤਾ ਜਾਂ ਸਲੋਗਨ ਲਿਖਵਾਉਂਦੇ ਹਨ। ਲੋਕ ਆਪਣੇ ਵਾਹਨ ਨੂੰ ਆਕਰਸ਼ਕ ਲੁੱਕ ਦੇਣ ਲਈ ਅਜਿਹੀਆਂ ਫੈਂਸੀ ਨੰਬਰ ਪਲੇਟਾਂ ਦੀ ਵਰਤੋਂ ਕਰਦੇ ਹਨ, ਪਰ 2023 ਵਿੱਚ ਲਾਗੂ ਹੋਏ ਮੋਟਰ ਵਹੀਕਲ ਐਕਟ ਅਨੁਸਾਰ ਅਜਿਹਾ ਕਰਨਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਐਕਟ ਤਹਿਤ ਨੰਬਰ ਪਲੇਟ 'ਤੇ ਧਰਮ ਜਾਂ ਜਾਤੀ ਨਾਲ ਸਬੰਧਤ ਕੋਈ ਵੀ ਇਤਰਾਜ਼ਯੋਗ ਸ਼ਬਦ ਜਾਂ ਸਟਿੱਕਰ ਲਗਾਉਣਾ ਕਾਨੂੰਨ ਦੀ ਉਲੰਘਣਾ ਮੰਨਿਆ ਜਾਵੇਗਾ।
ਕਿੰਨਾ ਭਰਨਾ ਪਵੇਗਾ ਜੁਰਮਾਨਾ?
ਜੇਕਰ ਤੁਹਾਡੀ ਗੱਡੀ ਦੀ ਨੰਬਰ ਪਲੇਟ 'ਤੇ ਧਰਮ, ਜਾਤ ਜਾਂ ਕੋਈ ਇਤਰਾਜ਼ਯੋਗ ਸ਼ਬਦ ਲਿਖਿਆ ਪਾਇਆ ਜਾਂਦਾ ਹੈ, ਤਾਂ ਤੁਹਾਨੂੰ ਘੱਟੋ-ਘੱਟ 1,000 ਰੁਪਏ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। 2023 ਦੀ ਨਵੀਂ ਸੋਧ ਤਹਿਤ ਇਹ ਜੁਰਮਾਨਾ 5,000 ਰੁਪਏ ਤੱਕ ਵੀ ਜਾ ਸਕਦਾ ਹੈ।