Tuesday, January 21, 2025

Litrature

Punjab News: ਪਾਕਿਸਤਾਨ ਵਾਲੇ ਪੰਜਾਬ ਵਿੱਚ ਪੰਜਾਬੀ ਵਿਸ਼ਾ ਹੋਇਆ ਲਾਜ਼ਮੀ, ਹਰ ਸਕੂਲ ਚ ਪੜ੍ਹਾਉਣ ਦਾ ਹੁਕਮ ਜਾਰੀ, ਮਤਾ ਵੀ ਹੋਇਆ ਪਾਸ

November 04, 2024 07:48 PM

Pakistani Punjab: ਦੁਨੀਆਂ ਭਰ 'ਚ ਬੈਠੇ ਮਾਂ ਬੋਲੀ ਪੰਜਾਬੀ ਦੇ ਸਾਹਿਤਕਾਰਾਂ, ਪਾਠਕਾਂ ਤੇ ਪ੍ਰੇਮੀਆਂ ਲਈ ਵੱਡੀ ਖੁਸ਼ੀ ਦੀ ਖ਼ਬਰ ਹੈ ਕਿ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਐਸੰਬਲੀ ਵੱਲੋਂ ਰਾਜ ਦੇ ਸਾਰੇ ਸਕੂਲਾਂ ਵਿੱਚ ਪੰਜਾਬੀ ਲਾਜਮੀ ਵਿਸ਼ੇ ਵਜੋਂ ਪੜ੍ਹਾਉਣ ਮਤਾ ਪਾਸ ਕੀਤਾ ਗਿਆ ਹੈ।

ਇਹ ਫੈਸਲਾ ਪੰਜਾਬੀ ਦੇ ਵਿਕਾਸ ਲਈ ਮੀਲ ਪੱਥਰ ਸਾਬਤ ਹੋਵੇਗਾ ਅਤੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀ ਸਾਹਿਤ ਦੇ ਅਦਾਨ ਪ੍ਰਦਾਨ ਤੇ ਅਨੁਵਾਦ ਲਈ ਵੀ ਸੁਚੱਜਾ ਕਦਮ ਮੰਨਿਆਂ ਜਾਵੇਗਾ। ਲਹਿੰਦੇ ਪੰਜਾਬ 'ਚ ਇਸ ਸਮੇਂ 12880 ਪ੍ਰਾਇਮਰੀ, 2670 ਮਿਡਲ, 1738 ਹਾਈ ਅਤੇ 1908 ਸੀਨੀਅਰ ਸੈਕੰਡਰੀ ਸਕੂਲ ਹਨ, ਜਿਹਨਾਂ 'ਚ ਇਹ ਫੈਸਲਾ ਲਾਗੂ ਕੀਤਾ ਜਾਵੇਗਾ।

ਲਹਿੰਦੇ ਪੰਜਾਬ ਦੀ ਬੀਬੀ ਮਰੀਅਮ ਨਿਵਾਜ ਸ਼ਰੀਫ ਦੀ ਅਗਵਾਈ ਵਾਲੀ ਸਰਕਾਰ ਹੋਂਦ ਵਿੱਚ ਆਉਣ ਤੇ ਪੰਜਾਬੀ ਨੂੰ ਮਾਣ ਸਨਮਾਨ ਮਿਲਣ ਦੀਆਂ ਉਮੀਦਾਂ ਉਜਾਗਰ ਹੋਈਆਂ ਸਨ। ਬੀਤੇ ਦਿਨੀਂ ਐਸੰਬਲੀ ਸੈਸਨ ਦੌਰਾਨ ਮੁਸਲਿਮ ਲੀਗ ਨਵਾਜ ਦੇ ਹਲਕਾ ਟੋਭਾ ਟੇਕ ਸਿੰਘ ਤੋਂ ਵਿਧਾਇਕ ਜਨਾਬ ਅਮਜਦ ਅਲੀ ਜਾਵੇਦ ਨੇ ਸਕੂਲਾਂ ਵਿੱਚ ਲਾਜਮੀ ਪੰਜਾਬੀ ਸਿੱਖਿਆ ਸੁਰੂ ਕਰਵਾਉਣ ਲਈ ਮਤਾ ਪੇਸ਼ ਕੀਤਾ, ਜਿਸਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ।

ਪੰਜਾਬ ਐਸੰਬਲੀ ਦੇ ਕੁਲ 371 ਮੈਂਬਰ ਹਨ, ਜਿਹਨਾਂ ਵਿੱਚ 263 ਸੱਤ੍ਹਾਧਾਰੀ ਧਿਰ ਦੇ ਅਤੇ 108 ਵਿਰੋਧੀ ਧਿਰ ਦੇ ਹਨ, ਪਰ ਕਿਸੇ ਵੀ ਵਿਧਾਇਕ ਨੇ ਇਸ ਮਤੇ ਦਾ ਵਿਰੋਧ ਨਾ ਕੀਤਾ। ਮਤਾ ਪਾਸ ਹੋਣ ਉਪਰੰਤ ਐਸੰਬਲੀ ਦੇ ਸਪੀਕਰ ਜਨਾਬ ਮਲਿਕ ਮੁਹੰਮਦ ਖਾਨ ਨੇ ਇਸਦੀ ਘੋਸ਼ਣਾ ਕਰ ਦਿੱਤੀ। ਇੱਥੇ ਇਹ ਵੀ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਮਤਾ ਪੇਸ਼ ਕਰਨ ਵਾਲੇ ਸ੍ਰੀ ਜਾਵੇਦ ਦੇ ਹਲਕੇ ਵਿੱਚ ਬਹੁਤੀ ਵਸੋਂ ਉਹਨਾਂ ਲੋਕਾਂ ਦੀ ਹੈ ਜੋ ਵੰਡ ਸਮੇਂ ਚੜ੍ਹਦੇ ਪੰਜਾਬ ਵਿੱਚੋਂ ਜਾ ਕੇ ਵਸੇ ਹਨ, ਦੂਜੇ ਪਾਸੇ ਸਪੀਕਰ ਜਨਾਬ ਖਾਨ ਕਸੂਰ ਸ਼ਹਿਰ ਨਾਲ ਸਬੰਧਤ ਹਨ ਅਤੇ ਸੂਫ਼ੀ ਕਵੀ ਬਾਬਾ ਬੁਲ੍ਹੇ ਸ਼ਾਹ ਦੇ ਮੁਰੀਦ ਹਨ।

ਪਾਕਿਸਤਾਨ ਵਿੱਚ ਆਜ਼ਾਦੀ ਮਿਲਣ ਤੋਂ ਹੀ ਪੰਜਾਬੀ ਨੂੰ ਮਾਣ ਸਨਮਾਨ ਦਿਵਾਉਣ ਲਈ ਸੰਘਰਸ ਚਲਦਾ ਰਿਹਾ ਹੈ। ਇਸ ਮੰਗ ਨੂੰ ਲੈ ਕੇ ਧਰਨੇ ਮੁਜ਼ਾਹਰੇ ਹੁੰਦੇ ਰਹੇ ਹਨ। ਐਸੰਬਲੀ ਵੱਲੋਂ ਮਤਾ ਪ੍ਰਵਾਨ ਹੋਣ ਨਾਲ ਮਾਂ ਬੋਲੀ ਨੂੰ ਸਨਮਾਨ ਮਿਲਣ ਦੀ ਉਮੀਦ ਜਾਗੀ ਹੈ। ਸਮੁੱਚੀ ਦੁਨੀਆਂ ਵਿੱਚ ਬੈਠੇ ਪੰਜਾਬੀਆਂ ਵੱਲੋਂ ਇਸ ਫੈਸਲੇ ਦੀ ਸਲਾਘਾ ਕੀਤੀ ਜਾ ਰਹੀ ਹੈ।

Have something to say? Post your comment