ਨਵੀਂ ਦਿੱਲੀ : ਸ਼ੁੱਕਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ। BSE ਦੇ ਸੈਂਸੈਕਸ ਅਤੇ NSE ਦੇ ਨਿਫਟੀ 'ਚ 1 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਖ਼ਬਰ ਲਿਖੇ ਜਾਣ ਤਕ ਬੀਐਸਈ ਦਾ ਸੈਂਸੈਕਸ 678 ਅੰਕਾਂ ਦੀ ਗਿਰਾਵਟ ਨਾਲ 54,642.29 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੇ ਨਾਲ ਹੀ NSE ਦਾ ਨਿਫਟੀ 1.2 ਫੀਸਦੀ ਜਾਂ 197.95 ਅੰਕ ਡਿੱਗ ਕੇ 16,280.15 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।ਸ਼ੁਰੂਆਤੀ ਕਾਰੋਬਾਰ 'ਚ ਹੀ ਸੈਂਸੈਕਸ 600 ਅੰਕ ਟੁੱਟ ਗਿਆ ਸੀ। ਆਈਟੀ, ਬੈਂਕਿੰਗ, ਫਾਇਨਾਂਸ ਅਤੇ ਕੰਜ਼ਿਊਮਰ ਡਿਊਰੇਬਲਸ ਕੰਪਨੀਆਂ ਦੇ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਸੈਂਸੈਕਸ 'ਚ ਸ਼ਾਮਲ ਸ਼ੇਅਰਾਂ 'ਚੋਂ ਵਿਪਰੋ 'ਚ ਸਭ ਤੋਂ ਜ਼ਿਆਦਾ 3.38 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਇਲਾਵਾ ਟੈਕ ਮਹਿੰਦਰਾ, ਟਾਟਾ ਸਟੀਲ, ਇੰਫੋਸਿਸ, ਕੋਟਕ ਮਹਿੰਦਰਾ ਬੈਂਕ, ਬਜਾਜ ਫਾਈਨਾਂਸ, ਐਚਡੀਐਫਸੀ, ਐਚਡੀਐਫਸੀ ਬੈਂਕ ਅਤੇ ਟੀਸੀਐਸ ਦੇ ਸ਼ੇਅਰ ਵੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਦੂਜੇ ਪਾਸੇ ਪਾਵਰਗ੍ਰਿਡ, ਐਨਟੀਪੀਸੀ ਅਤੇ ਟੀਸੀਐਸ ਹਰੇ ਰੰਗ ਵਿੱਚ ਕਾਰੋਬਾਰ ਕਰ ਰਹੇ ਸਨ। ਵੀਰਵਾਰ ਨੂੰ BSE ਸੈਂਸੈਕਸ 427.79 ਅੰਕ ਯਾਨੀ 0.78 ਫੀਸਦੀ ਦੇ ਵਾਧੇ ਨਾਲ 55,320.28 'ਤੇ ਬੰਦ ਹੋਇਆ। ਇਸੇ ਤਰਜ਼ 'ਤੇ, NSE ਦਾ ਨਿਫਟੀ ਵੀ ਵੀਰਵਾਰ ਨੂੰ 121.85 ਅੰਕ ਜਾਂ 0.74 ਫੀਸਦੀ ਦੀ ਛਾਲ ਨਾਲ 16,478.10 'ਤੇ ਬੰਦ ਹੋਇਆ।
ਰੁਪਏ ਦੀ ਗੱਲ ਕਰੀਏ ਤਾਂ ਸ਼ੁਰੂਆਤੀ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ ਇਹ 8 ਪੈਸੇ ਦੀ ਕਮਜ਼ੋਰੀ ਨਾਲ 77.82 'ਤੇ ਦੇਖਿਆ ਗਿਆ, ਜੋ ਕਿ ਰਿਕਾਰਡ ਹੇਠਲੇ ਪੱਧਰ 'ਤੇ ਹੈ।ਏਸ਼ੀਆਈ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਟੋਕੀਓ, ਹਾਂਗਕਾਂਗ ਅਤੇ ਸਿਓਲ ਦੇ ਸ਼ੇਅਰ ਬਾਜ਼ਾਰਾਂ 'ਚ ਭਾਰੀ ਗਿਰਾਵਟ ਦੇ ਨਾਲ ਕਾਰੋਬਾਰ ਹੁੰਦਾ ਦੇਖਿਆ ਗਿਆ। ਇਸ ਦੇ ਨਾਲ ਹੀ ਸ਼ੰਘਾਈ ਬਾਜ਼ਾਰ ਹਰੇ ਨਿਸ਼ਾਨ 'ਚ ਕਾਰੋਬਾਰ ਕਰਦਾ ਨਜ਼ਰ ਆਇਆ। ਵੀਰਵਾਰ ਨੂੰ ਅਮਰੀਕੀ ਸ਼ੇਅਰ ਬਾਜ਼ਾਰ ਵੀ ਗਿਰਾਵਟ ਨਾਲ ਬੰਦ ਹੋਏ।
ਇਸ ਦੌਰਾਨ ਅੰਤਰਰਾਸ਼ਟਰੀ ਬਾਜ਼ਾਰ 'ਚ ਬ੍ਰੈਂਟ ਕੱਚੇ ਤੇਲ ਦੀਆਂ ਕੀਮਤਾਂ 'ਚ 0.65 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 122.27 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਭਾਰਤੀ ਸਟਾਕ ਐਕਸਚੇਂਜ ਤੋਂ ਪ੍ਰਾਪਤ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਵੀਰਵਾਰ ਨੂੰ 1,512.64 ਕਰੋੜ ਰੁਪਏ ਦੇ ਸ਼ੇਅਰ ਵੇਚੇ।