Rome (Italy) : ਪੰਜਾਬੀ ਸਭਿਆਚਾਰ ਦੀਆਂ ਬਾਤਾਂ ਸਿਰਫ਼ ਭਾਰਤ ਦੇਸ਼ ਵਿਚ ਹੀ ਨਹੀਂ ਵਿਦੇਸ਼ ਵਿਚ ਵੀ ਪਾਈਆਂ ਜਾਂਦੀਆਂ ਹਨ। ਇਸੇ ਲੜੀ ਵਿਚ ਇਟਲੀ ਦੇ ਇਲਾਕੇ ਸਲੇਰਨੋ ਦੇ ਸਹਿਰ ਇਬੋਲੀ ਅਤੇ ਰਿਜੋਇਮੀਲੀਆ ਦੇ ਸ਼ਹਿਰ ਨੋਵੇਲਾਰਾ ਵਿਖੇ ਤੀਜ ਦਾ ਤਿਉਹਾਰ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਇਸ ਵਿਚ ਪੰਜਾਬੀ ਪਹਿਰਾਵੇ ਵਿਚ ਸੱਜੀਆਂ ਮੁਟਿਆਰਾਂ ਨੇ ਗਿੱਧਾ, ਭੰਗੜਾ ਤੇ ਬੋਲੀਆਂ ਨਾਲ ਖੂਬ ਰੰਗ ਬੰਨਿਆ ਗਿਆ। ਇਸ ਸਮਾਗਮ ਵਿਚ ਦਿਲ ਖਿਚਵੀਆਂ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ। ਪੰਜਾਬੀ ਮੁਟਿਆਰਾ ਵੱਲੋਂ ਬੋਲੀਆਂ ਨਾਲ ਅਦਾਕਾਰੀ ਪੇਸ਼ ਕੀਤੀ ਗਈ। ਇਸ ਮੌਕੇ ਪੰਜਾਬੀ ਖਾਣਿਆਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਜਿਸ ਦਾ ਲੁਤਫ਼ ਹਾਜ਼ਰੀਨ ਪੰਜਾਬੀਆਂ ਨੇ ਪੂਰਾ ਪੂਰਾ ਲਿਆ।
ਦੂਜੇ ਪਾਸੇ ਜ਼ਿਲ੍ਹਾ ਰਿਜੋਏਮੀਲੀਆ ਦੇ ਸਹਿਰ ਨੋਵੇਲਾਰਾ ਦੇ ਜੋਹਲ ਰੈਸਟੋਰੈਂਟ ਵਿਖੇ ਤੀਆਂ ਤੀਜ ਦੀਆ ਦਾ ਮੇਲਾ ਕਰਵਾਇਆ ਗਿਆ, ਜਿਸ ਵਿਚ ਇਲਾਕੇ ਦੀਆਂ ਬੱਚੀਆਂ, ਕੁੜੀਆਂ ਅਤੇ ਬੀਬੀਆਂ ਨੇ ਵੱਡੀ ਗਿਣਤੀ ਵਿਚ ਅਪਣੀ ਹਾਜ਼ਰੀ ਲਗਵਾ ਕੇ ਮੇਲੇ ਦੀ ਰੋਣਕ ਨੂੰ ਵਧਾਇਆ। ਪੰਜਾਬੀ ਪਹਿਰਾਵੇ ਵਿਚ ਸੱਜ਼ੀਆਂ ਕੁੜੀਆਂ ਵਲੋਂ ਪੰਜਾਬੀ ਗੀਤਾਂ ਤੇ ਕੀਤਾ ਡਾਂਸ ਅਤੇ ਪੰਜਾਬੀ ਲੋਕ ਨਾਚ ਗਿੱਧਾ ਪਾ ਕੇ ਭਰਪੂਰ ਮੰਨੋਰੰਜਨ ਕੀਤਾ ਗਿਆ। ਇਸ ਮੌਕੇ ਤਰ੍ਹਾਂ ਤਰ੍ਹਾਂ ਦੇ ਸਟਾਲ ਵੀ ਲਗਾਏ ਗਏ ਸਨ। ਇਸ ਮੋਕੇ ਪ੍ਰਬੰਧਕ ਬੀਬੀਆਂ ਨੇ ਕਿਹਾ ਕਿ ਵਿਦੇਸ਼ਾਂ ਵਿਚ ਇਸ ਤਰ੍ਹਾਂ ਮੇਲੇ ਕਰਵਾਉਣ ਦਾ ਮਕਸਦ ਭਾਰਤੀ ਨਾਰੀ ਦੇ ਕਲਚਰਾਤਮਕ ਸਵਰੂਪ ਨੂੰ ਉਭਾਰਣ ਦਾ ਹੈ ਅਤੇ ਬੱਚਿਆਂ ਨੂੰ ਆਪਣੀ ਵਿਰਾਸਤ ਅਤੇ ਅਮੀਰ ਸਭਿਆਚਾਰ ਨਾਲ ਜੋੜਨ ਦਾ ਉਪਰਾਲਾ ਹੈ।