Saturday, April 12, 2025

National

ਭਾਰਤੀ ਕ੍ਰਿਕਟਰ ਮਿਤਾਲੀ ਰਾਜ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

Mithali Raj retires

June 08, 2022 04:59 PM

ਨਵੀਂ ਦਿੱਲੀ : ਭਾਰਤੀ ਮਹਿਲਾ ਕ੍ਰਿਕਟ ਦੀ ਰੀੜ੍ਹ ਦੀ ਹੱਡੀ ਕਹੇ ਜਾਣ ਵਾਲੀ ਮਿਤਾਲੀ ਰਾਜ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਮਿਤਾਲੀ ਰਾਜ ਪਿਛਲੇ 23 ਸਾਲਾਂ ਤੋਂ ਕ੍ਰਿਕਟ ਖੇਡ ਰਹੀ ਸੀ, ਹੁਣ ਬੁੱਧਵਾਰ ਨੂੰ 39 ਸਾਲ ਦੀ ਉਮਰ ਵਿੱਚ ਉਸਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਨੂੰ ਅਲਵਿਦਾ ਕਹਿ ਦਿੱਤਾ। ਮਿਤਾਲੀ ਰਾਜ ਨੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਚੱਲੇ ਆਪਣੇ ਕ੍ਰਿਕਟ ਕਰੀਅਰ ਵਿੱਚ ਪੂਰੀ ਤਰ੍ਹਾਂ ਰਾਜ ਕੀਤਾ। ਉਹ ਭਾਰਤ ਵਿੱਚ ਮਹਿਲਾ ਕ੍ਰਿਕਟ ਦੀ ਪਛਾਣ ਹੈ, ਵਨਡੇ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰੀ ਹੈ। ਕਪਤਾਨ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਜਿੱਤਾਂ ਵੀ ਉਨ੍ਹਾਂ ਦੇ ਨਾਂ ਹਨ। ਅਜਿਹੇ ਵਿੱਚ ਮਿਤਾਲੀ ਰਾਜ ਦਾ ਸੰਨਿਆਸ ਲੈਣਾ ਮਹਿਲਾ ਕ੍ਰਿਕਟ ਜਗਤ ਵਿੱਚ ਇੱਕ ਵੱਡਾ ਘਾਟਾ ਹੈ।



39 ਸਾਲਾ ਮਿਤਾਲੀ ਰਾਜ ਨੇ 8 ਜੂਨ ਨੂੰ ਟਵਿੱਟਰ 'ਤੇ ਇਕ ਲੰਮਾ ਸੰਦੇਸ਼ ਜਾਰੀ ਕਰਕੇ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਮਿਤਾਲੀ ਨੇ ਆਪਣੇ ਸੰਦੇਸ਼ ਵਿੱਚ ਲਿਖਿਆ ਕਿ ਮੈਂ ਇੱਕ ਛੋਟੀ ਬੱਚੀ ਸੀ ਜਦੋਂ ਮੈਂ ਨੀਲੀ ਜਰਸੀ ਪਾ ਕੇ ਆਪਣੇ ਦੇਸ਼ ਦੀ ਨੁਮਾਇੰਦਗੀ ਕੀਤੀ ਸੀ। ਇਹ ਸਫ਼ਰ ਹਰ ਤਰ੍ਹਾਂ ਦੇ ਪਲਾਂ ਨੂੰ ਦੇਖਣ ਲਈ ਕਾਫ਼ੀ ਲੰਬਾ ਸੀ, ਪਿਛਲੇ 23 ਸਾਲ ਮੇਰੀ ਜ਼ਿੰਦਗੀ ਦੇ ਸਭ ਤੋਂ ਵਧੀਆ ਪਲਾਂ ਵਿੱਚੋਂ ਇੱਕ ਸਨ। ਹਰ ਦੂਜੇ ਸਫ਼ਰ ਦੀ ਤਰ੍ਹਾਂ ਇਹ ਸਫ਼ਰ ਵੀ ਸਮਾਪਤ ਹੋ ਰਿਹਾ ਹੈ ਅਤੇ ਅੱਜ ਮੈਂ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰਦੀ ਹਾਂ।


ਮਿਤਾਲੀ ਰਾਜ ਨੇ ਆਪਣੇ ਸੰਦੇਸ਼ 'ਚ ਲਿਖਿਆ ਕਿ ਮੈਂ ਜਦੋਂ ਵੀ ਮੈਦਾਨ 'ਤੇ ਕਦਮ ਰੱਖਿਆ ਤਾਂ ਮੈਂ ਹਮੇਸ਼ਾ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਅਤੇ ਟੀਮ ਨੂੰ ਜਿੱਤ ਦਿਵਾਉਣ 'ਤੇ ਧਿਆਨ ਦਿੱਤਾ। ਮੈਨੂੰ ਲੱਗਦਾ ਹੈ ਕਿ ਇਹ ਮੇਰੇ ਕਰੀਅਰ ਨੂੰ ਅਲਵਿਦਾ ਕਹਿਣ ਦਾ ਸਹੀ ਸਮਾਂ ਹੈ, ਜਿੱਥੇ ਭਾਰਤ ਦਾ ਭਵਿੱਖ ਨੌਜਵਾਨ ਖਿਡਾਰੀਆਂ ਦੇ ਹੱਥਾਂ ਵਿੱਚ ਹੈ। ਮੈਂ ਬੀਸੀਸੀਆਈ, ਸਕੱਤਰ ਜੈ ਸ਼ਾਹ ਅਤੇ ਹੋਰ ਸਾਰੇ ਅਧਿਕਾਰੀਆਂ ਦਾ ਧੰਨਵਾਦ ਕਰਦਾ ਹਾਂ।
 
ਮਿਤਾਲੀ ਰਾਜ ਨੇ ਅੱਗੇ ਕਿਹਾ ਕਿ ਕਈ ਸਾਲਾਂ ਤੱਕ ਟੀਮ ਦੀ ਕਪਤਾਨੀ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਸੀ, ਇਸ ਵਕਤ ਨੇ ਮੈਨੂੰ ਇੱਕ ਇਨਸਾਨ ਦੇ ਤੌਰ 'ਤੇ ਬਿਹਤਰ ਬਣਾਇਆ, ਨਾਲ ਹੀ ਮਹਿਲਾ ਕ੍ਰਿਕਟ ਨੂੰ ਵੀ ਅੱਗੇ ਲਿਆਇਆ। ਭਾਵੇਂ ਇਹ ਸਫ਼ਰ ਇੱਥੇ ਖ਼ਤਮ ਹੋ ਰਿਹਾ ਹੈ ਪਰ ਮੈਂ ਕਿਸੇ ਨਾ ਕਿਸੇ ਰੂਪ ਵਿੱਚ ਕ੍ਰਿਕਟ ਨਾਲ ਜੁੜੀ ਰਹਾਂਗੀ।
 

Have something to say? Post your comment