ਟੋਕੀਓ : ਬੀਤੇ ਦਿਨ ਓਲੰਪਿਕਸ ਵਿੱਚ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਕਾਂਸੇ ਦਾ ਤਮਗ਼ਾ ਜਿੱਤ ਕੇ ਦੂਜਾ ਮੈਡਲ ਭਾਰਤ ਨੂੰ ਦਿਵਾ ਦਿਤਾ ਹੈ। ਇਸ ਤੋਂ ਪਹਿਲਾਂ ਵੇਟਲਿਫਟਰ ਮੀਰਾਬਾਈ ਚਾਨੂ ਨੇ ਚਾਂਦੀ ਦਾ ਤਮਗ਼ਾ ਜਿੱਤ ਕੇ ਪਹਿਲਾ ਮਾਅਰਕਾ ਮਾਰਿਆ ਸੀ। ਭਾਰਤੀ ਮਹਿਲਾ ਹਾਕੀ ਟੀਮ ਅੱਜ ਆਸਟਰੇਲੀਆ ਨਾਲ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਤੇ ਮੈਚ ਜਾਰੀ ਹੈ। ਜੇਕਰ ਟੀਮ ਸੈਮੀਫਾਈਨਲ ਮੈਚ ਜਿੱਤ ਜਾਂਦੀ ਹੈ ਤਾਂ ਭਾਰਤ ਲਈ ਚਾਂਦੀ ਦਾ ਤਮਗ਼ਾ ਪੱਕਾ ਹੋ ਜਾਵੇਗਾ। ਇਥੇ ਇਹ ਵੀ ਦਸ ਦਈਏ ਕਿ ਭਾਰਤੀ ਪੁਰਸ਼ ਹਾਕੀ ਟੀਮ ਨੇ ਐਤਵਾਰ ਨੂੰ ਕੁਆਰਟਰ ਫਾਈਨਲ ਮੈਚ ਵਿੱਚ ਗ੍ਰੇਟ ਬ੍ਰਿਟੇਨ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਕਮਲਪ੍ਰੀਤ ਕੌਰ ਸੋਮਵਾਰ ਨੂੰ ਮਹਿਲਾ ਡਿਸਕਸ ਥ੍ਰੋ ਫਾਈਨਲ ਵਿੱਚ ਭਾਰਤ ਲਈ ਤਮਗ਼ਾ ਫ਼ੁੰਡਣ ਲਈ ਹੰਭਲਾ ਮਾਰੇਗੀ। ਉਸ ਤੋਂ ਇਲਾਵਾ ਦੌੜਾਕ ਦੂਤੀ ਚੰਦ ਔਰਤਾਂ ਦੀ 200 ਮੀਟਰ ਹੀਟ ਫੋਰ ਵਿੱਚ ਭਾਗ ਲਵੇਗੀ। ਇਥੇ ਉਮੀਦ ਲਾਈ ਜਾ ਸਕਦੀ ਹੈ ਕਿ ਭਾਰਤ ਨੂੰ ਹੋਰ ਤਮਗ਼ੇ ਮਿਲ ਸਕਦੇ ਹਨ।