ਮਾਨਸਾ: ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਸੁਨੀਲ ਜਾਖੜ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਤੇ ਕੁਲਦੀਪ ਸਿੰਘ ਧਾਲੀਵਾਲ ਅੱਜ ਸਿੱਧੂ ਮੂਸੇਵਾਲਾ ਦੇ ਘਰ ਪੁੱਜੇ ਤੇ ਉਸ ਦੇ ਪਿਤਾ ਨਾਲ ਦੁੱਖ ਸਾਂਝਾ ਕੀਤਾ। ਪੰਜਾਬੀ ਗਾਇਕ ਤੇ ਕਾਂਗਰਸੀ ਨੇਤਾ ਸਿੱਧੂ ਮੂਸੇਵਾਲਾ ਦੇ ਗ੍ਰਹਿ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੇਰ ਰਾਤ ਨੂੰ ਪਰਿਵਾਰ ਨਾਲ ਅਫ਼ਸੋਸ ਪ੍ਰਗਟ ਕਰਨ ਲਈ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਦੁੱਖ ਸਾਂਝਾ ਕੀਤਾ। ਇਸ ਮਾਮਲੇ ‘ਚ ‘ਆਪ’ ਸਰਕਾਰ ਵੱਲੋਂ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ। ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਸ ਘਟਨਾ ਨੂੰ ਮੰਦਭਾਗਾ ਦੱਸਿਆ। ਇਸ ਤੋਂ ਇਲਾਵਾ ਸਰਦੂਲਗੜ੍ਹ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਨਾਂਵਾਲੀ ਵੀ ਘਟਨਾ ਵਾਲੇ ਦਿਨ ਸਿੱਧੂ ਮੂਸੇਵਾਲਾ ਦੇ ਨਾਲ ਗੱਡੀ ’ਚ ਸਵਾਰ ਗੁਰਵਿੰਦਰ ਸਿੰਘ ਜੋ ਕਿ ਡੀਐਮਸੀ ਲੁਧਿਆਣਾ ਵਿਖੇ ਜ਼ਖਮੀ ਹੈ। ਉਸ ਨੂੰ ਮਿਲੇ ਸਨ ਅਤੇ ਉਸ ਦਿਨ ਦੀ ਘਟਨਾ ਬਾਰੇ ਵੀ ਪੁੱਛਿਆ ਸੀ। ਇਸ ਬਾਅਦ ਗੁਰਪ੍ਰੀਤ ਬਨਾਂਵਾਲੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਇਹ ਗੱਲ ਫ਼ੋਨ ’ਤੇ ਸਾਂਝੀ ਕੀਤੀ ਸੀ। ਜਿਸ ‘ਚ ਮੁੱਖ ਮੰਤਰੀ ਵੱਲੋਂ ਇਲਾਜ ਫ਼ਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਦੇ ਆਦੇਸ਼ ਦੇ ਦਿੱਤੇ ਗਏ ਹਨ।