ਨਵੀਂ ਦਿੱਲੀ : ਈਡੀ ਵੱਲੋਂ ਬੁੱਧਵਾਰ ਨੂੰ ਵੱਡੀ ਕਾਰਵਾਈ ਕੀਤੀ ਗਈ ਹੈ। ਨੈਸ਼ਨਲ ਹੇਰਾਲਡ ਮਾਮਲੇ 'ਚ ਈਡੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਪੁੱਛਗਿੱਛ ਲਈ ਨੋਟਿਸ ਭੇਜਿਆ ਹੈ। ਕਾਂਗਰਸੀ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਦੱਸਿਆ ਕਿ ਸਰਕਾਰ ਬਦਲੇ ਦੀ ਭਾਵਨਾ 'ਚ ਅੰਨ੍ਹੀ ਹੋ ਗਈ ਹੈ। ਸਾਨੂੰ ਡਰਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ, ਪਰ ਅਸੀਂ ਨਾ ਡਰਾਂਗੇ ਤੇ ਨਾ ਝੁਕਾਂਗੇ। ਡਟ ਕੇ ਇਸ ਦਾ ਸਾਹਮਣਾ ਕਰਾਂਗੇ। ਕਾਂਗਰਸੀ ਆਗੂ ਅਭਿਸ਼ੇਕ ਮਨੂ ਸਿੰਘਵੀ ਤੇ ਰਣਦੀਪ ਸੁਰਜੇਵਾਲਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਕਿ ਈਡੀ ਨੇ ਸੋਨੀਆ ਗਾਂਧੀ ਨੂੰ 8 ਜੂਨ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਹਾਲਾਂਕਿ ਇਸ ਮਾਮਲੇ ਨੂੰ 2015 'ਚ ਜਾਂਚ ਏਜੰਸੀ ਨੇ ਬੰਦ ਕਰ ਦਿੱਤਾ ਸੀ।
ਕਾਂਗਰਸੀ ਆਗੂ ਰਣਦੀਪ ਸੂਰਜੇਵਾਲਾ ਨੇ ਇਸ ਸਬੰਧੀ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਹੇਰਾਲਡ ਅਖਬਾਰ 1942 'ਚ ਸ਼ੁਰੂ ਕੀਤਾ ਗਿਆ। ਉਸ ਵੇਲੇ ਅੰਗਰੇਜ਼ਾਂ ਨੇ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਅੱਜ ਮੋਦੀ ਸਰਕਾਰ ਵੀ ਇਹੀ ਕਰ ਰਹੀ ਹੈ ਤੇ ਇਸ ਦੇ ਲਈ ਈਡੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਈਡੀ ਨੇ ਸਾਡੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਨੋਟਿਸ ਦਿੱਤਾ ਹੈ।