ਨਵੀਂ ਦਿੱਲੀ : ਦਿੱਲੀ 'ਚ IAS ਪਤੀ-ਪਤਨੀ ਨੂੰ ਸਟੇਡੀਅਮ ਦੇ ਅੰਦਰ ਆਪਣੇ ਕੁੱਤੇ ਨੂੰ ਘੁੰਮਾਉਣਾ ਮਹਿੰਗਾ ਪੈ ਗਿਆ ਹੈ। ਕੁੱਤੇ ਨੂੰ ਘੁੰਮਾਉਣ ਲਈ ਸਟੇਡੀਅਮ ਖਾਲੀ ਕਰਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੋਵਾਂ ਨੂੰ ਦਿੱਲੀ ਤੋਂ ਸੈਂਕੜੇ ਕਿਲੋਮੀਟਰ ਦੂਰ ਤਬਦੀਲ ਕਰ ਦਿੱਤਾ ਗਿਆ ਹੈ। IAS ਅਧਿਕਾਰੀ ਸੰਜੀਵ ਖੀਰਵਾਰ ਦਾ ਤਬਾਦਲਾ ਲੱਦਾਖ ਤੇ ਉਨ੍ਹਾਂ ਦੀ ਪਤਨੀ ਰਿੰਕੂ ਦੁੱਗਾ ਨੂੰ ਅਰੁਣਾਚਲ ਪ੍ਰਦੇਸ਼ ਭੇਜ ਦਿੱਤਾ ਗਿਆ ਹੈ। ਹੁਣ ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ। ਲੋਕਾਂ ਨੇ ਗੂਗਲ 'ਤੇ ਸਰਚ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਅਰੁਣਾਚਲ ਤੇ ਲੱਦਾਖ ਵਿਚਾਲੇ ਕਿੰਨੀ ਦੂਰੀ ਹੈ।
ਦਰਅਸਲ, ਆਈਏਐਸ ਜੋੜੇ ਨੂੰ ਦਿੱਲੀ ਦੇ ਤਿਆਗਰਾਜ ਸਟੇਡੀਅਮ ਵਿੱਚ ਕੁੱਤੇ ਨੂੰ ਘੁੰਮਾਉਂਦੇ ਦੇਖਿਆ ਗਿਆ ਸੀ। ਇਸ ਦੀ ਤਸਵੀਰ ਲੈਂਦਿਆਂ ਇੰਡੀਅਨ ਐਕਸਪ੍ਰੈਸ ਨੇ ਰਿਪੋਰਟ ਵਿੱਚ ਕਿਹਾ ਕਿ ਦਿੱਲੀ ਸਰਕਾਰ ਦੇ ਆਈਏਐਸ ਅਧਿਕਾਰੀ ਨੇ ਖਿਡਾਰੀਆਂ ਨੂੰ ਬਾਹਰ ਭੇਜ ਦਿੱਤਾ। ਇਸ ਤੋਂ ਬਾਅਦ ਉਹ ਖਾਲੀ ਸਟੇਡੀਅਮ 'ਚ ਆਪਣੇ ਕੁੱਤੇ ਤੇ ਪਤਨੀ ਨਾਲ ਆਰਾਮ ਨਾਲ ਘੁੰਮਦੇ ਨਜ਼ਰ ਆਏ।
ਸੋਸ਼ਲ ਮੀਡੀਆ 'ਤੇ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਪਤੀ-ਪਤਨੀ ਦਾ ਤਬਾਦਲਾ ਕਰ ਉਨ੍ਹਾਂ ਨੂੰ ਕਿੰਨੀ ਦੂਰ ਭੇਜਿਆ ਗਿਆ ਹੈ। ਕੋਈ ਗੂਗਲ 'ਤੇ ਸਰਚ ਕਰ ਰਿਹਾ ਹੈ ਕਿ ਲੱਦਾਖ ਤੇ ਅਰੁਣਾਚਲ ਦਿੱਲੀ ਤੋਂ ਕਿੰਨੀ ਦੂਰ ਹਨ, ਤਾਂ ਕੋਈ ਦੋਵਾਂ ਥਾਵਾਂ ਦੀ ਦੂਰੀ ਸ਼ੇਅਰ ਕਰਕੇ ਮਜ਼ੇ ਲੈ ਰਿਹਾ ਹੈ। ਇੰਨਾ ਹੀ ਨਹੀਂ ਸੋਸ਼ਲ ਮੀਡੀਆ 'ਤੇ ਆਈਏਐਸ ਅਧਿਕਾਰੀ ਨੂੰ ਆਪਣੇ ਕੁੱਤੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸਲਾਹਾਂ ਵੀ ਦਿੱਤੀਆਂ ਜਾ ਰਹੀਆਂ ਹਨ।