ਕਾਬੁਲ : ਅਫਗਾਨਿਸਤਾਨ ਦੇ ਉੱਤਰੀ ਸ਼ਹਿਰ ਮਜ਼ਾਰ-ਏ-ਸ਼ਰੀਫ 'ਚ ਬੁੱਧਵਾਰ ਨੂੰ ਮਿੰਨੀ ਬੱਸਾਂ 'ਚ ਹੋਏ ਤਿੰਨ ਬੰਬ ਧਮਾਕਿਆਂ 'ਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ ਉੱਥੇ ਹੀ 15 ਹੋਰ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸ ਨਾਲ ਹੀ ਇੱਕ ਮਸਜਿਦ 'ਚ ਵੀ ਧਮਾਕਾ ਹੋਇਆ। ਜਿਸ ਕਾਰਨ ਕੁੱਲ 12 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 20 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ। ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਤਿੰਨ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਰਾਜਧਾਨੀ ਕਾਬੁਲ ਵਿੱਚ ਬੁੱਧਵਾਰ ਸ਼ਾਮ ਨੂੰ ਇੱਕ ਮਸਜਿਦ ਦੇ ਅੰਦਰ ਇੱਕ ਹੋਰ ਬੰਬ ਧਮਾਕਾ ਹੋਇਆ, ਜਿਸ ਵਿੱਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਮੰਤਰਾਲੇ ਨੇ ਕਿਹਾ ਕਿ ਬੰਬ ਮਸਜਿਦ ਵਿੱਚ ਇੱਕ ਪੱਖੇ ਦੇ ਅੰਦਰ ਰੱਖਿਆ ਗਿਆ ਸੀ। ਅਫਗਾਨਿਸਤਾਨ 'ਚ ਪਿਛਲੇ ਕੁਝ ਦਿਨਾਂ 'ਚ ਕਈ ਧਮਾਕੇ ਹੋਏ ਹਨ। ਮਜ਼ਾਰ-ਏ-ਸ਼ਰੀਫ ਅੱਤਵਾਦੀਆਂ ਦਾ ਖਾਸ ਨਿਸ਼ਾਨਾ ਰਿਹਾ ਹੈ। 28 ਅਪ੍ਰੈਲ ਨੂੰ ਮਜ਼ਾਰ-ਏ-ਸ਼ਰੀਫ ਵਿੱਚ ਮਿੰਨੀ ਬੱਸਾਂ ਵਿੱਚ ਦੋਹਰੇ ਬੰਬ ਧਮਾਕਿਆਂ ਵਿੱਚ ਘੱਟੋ-ਘੱਟ 9 ਲੋਕ ਮਾਰੇ ਗਏ ਅਤੇ 13 ਹੋਰ ਜ਼ਖਮੀ ਹੋ ਗਏ।