ਨਵੀਂ ਦਿੱਲੀ : ਸਰਕਾਰੀ ਤੇਲ ਕੰਪਨੀਆਂ ਨੇ ਇਕ ਅਗਸਤ ਤੋਂ ਐੱਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ 19 ਕਿੱਲੋ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੇ ਭਾਅ 'ਚ 73.5 ਰੁਪਏ ਦਾ ਇਜ਼ਾਫਾ ਕੀਤਾ ਹੈ। ਇਸ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ 'ਚ 19 ਕਿੱਲੋਗ੍ਰਾਮ ਕਮਰਸ਼ੀਅਲ ਗੈਸ ਸਿਲੰਡਰ ਦਾ ਭਾਅ 1500 ਰੁਪਏ ਤੋਂ ਵੱਧ ਕੇ 1623 ਰੁਪਏ ਹੋ ਗਿਆ ਹੈ। ਹਾਲਾਂਕਿ ਤੇਲ ਕੰਪਨੀਆਂ ਨੇ ਆਮ ਆਦਮੀ ਦੀ ਵਰਤੋਂ ਵਾਲੇ 14.2 ਕਿੱਲੋਗ੍ਰਾਮ ਬਿਨਾਂ ਸਬਸਿਡੀ ਦੀ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧਾ ਨਹੀਂ ਕੀਤਾ ਹੈ। ਇਸ ਦੇ ਭਾਅ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਦਿੱਲੀ ਵਿਚ 14.2 ਕਿੱਲੋਗ੍ਰਾਮ ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 834.5 ਰੁਪਏ 'ਤੇ ਬਰਕਰਾਰ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਯਾਨੀ ਜੁਲਾਈ 'ਚ ਤੇਲ ਕੰਪਨੀਆਂ ਨੇ ਘਰੇਲੂ ਰਸੋਈ ਗੈਸ ਸਿਲੰਡਰ ਦਾ ਭਾਅ 25.50 ਰੁਪਏ ਵਧਾਇਆ ਸੀ।