ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਵੱਡੀ ਰਾਹਤ ਦਿੰਦੇ ਹੋਏ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘਟਾ ਦਿੱਤੀ ਹੈ। ਕੇਂਦਰ ਨੇ ਪੈਟਰੋਲ 'ਤੇ 8 ਰੁਪਏ ਅਤੇ ਡੀਜ਼ਲ 'ਤੇ 6 ਰੁਪਏ ਟੈਕਸ ਘਟਾਇਆ ਹੈ। ਜਿਸ ਤੋਂ ਬਾਅਦ ਪੈਟਰੋਲ 9.50 ਰੁਪਏ ਅਤੇ ਡੀਜ਼ਲ 7 ਰੁਪਏ ਸਸਤਾ ਹੋ ਗਿਆ ਹੈ। ਇਸ ਤੋਂ ਬਾਅਦ ਜਿੱਥੇ ਇੱਕ ਪਾਸੇ ਸਰਕਾਰ ਦੇ ਮੰਤਰੀ ਇਸ ਫੈਸਲੇ ਦੀ ਤਾਰੀਫ ਕਰ ਰਹੇ ਹਨ ਤਾਂ ਦੂਜੇ ਪਾਸੇ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਸਰਕਾਰ ਨੇ ਆਪਣੀਆਂ ਵਧੀਆਂ ਕੀਮਤਾਂ ਨੂੰ ਵਾਪਸ ਲੈਣ ਦਾ ਕੰਮ ਕੀਤਾ ਹੈ। ਹੁਣ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਇਸ ਮਾਮਲੇ ਨੂੰ ਲੈ ਕੇ ਰਾਜ ਸਰਕਾਰਾਂ ਨੂੰ ਸਲਾਹ ਦਿੱਤੀ ਹੈ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਜਿਸ ਤਰ੍ਹਾਂ ਦੁਨੀਆ 'ਚ ਕੱਚੇ ਤੇਲ ਦੀਆਂ ਕੀਮਤਾਂ ਵਧੀਆਂ ਹਨ। ਇਸ ਦਾ ਅਸਰ ਭਾਰਤ ਵਿੱਚ ਵੀ ਹੋਣਾ ਸੀ। ਜਨਤਾ ਦੇ ਹਿੱਤਾਂ ਨੂੰ ਧਿਆਨ 'ਚ ਰੱਖਦਿਆਂ ਤੇਲ 'ਤੇ ਐਕਸਾਈਜ਼ ਡਿਊਟੀ 'ਚ ਕਟੌਤੀ ਕੀਤੀ ਗਈ ਹੈ। ਉਮੀਦ ਹੈ ਕਿ ਰਾਜ ਵੀ ਆਪਣੇ ਟੈਕਸਾਂ ਵਿੱਚ ਕਟੌਤੀ ਕਰਨਗੇ ਤਾਂ ਜੋ ਆਮ ਨਾਗਰਿਕ ਪ੍ਰਭਾਵਿਤ ਨਾ ਹੋਣ।