ਨਵੀਂ ਦਿੱਲੀ : BCCI ਪ੍ਰਧਾਨ ਸੌਰਵ ਗਾਂਗੁਲੀ ਨੇ ਕੋਲਕਾਤਾ ਵਿੱਚ ਨਵਾਂ ਘਰ ਖਰੀਦਿਆ ਹੈ। ਹੁਣ ਤੱਕ ਉਹ ਆਪਣੇ 48 ਸਾਲ ਪੁਰਾਣੇ ਜੱਦੀ ਘਰ ਵਿੱਚ ਰਹਿੰਦੇ ਸੀ ਪਰ ਹੁਣ ਗਾਂਗੁਲੀ ਨੇ ਆਪਣਾ ਪਤਾ ਬਦਲ ਲਿਆ ਹੈ। ਉਨ੍ਹਾਂ ਨੇ ਕੋਲਕਾਤਾ ਦੀ ਲੋਅਰ ਰੋਡਨ ਸਟਰੀਟ ਵਿੱਚ ਇਹ ਘਰ ਲਿਆ ਹੈ। ਗਾਂਗੁਲੀ ਦੇ ਇਸ ਦੋ ਮੰਜ਼ਲਾ ਘਰ ਦੀ ਕੀਮਤ ਕਰੀਬ 40 ਕਰੋੜ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਜਲਦੀ ਹੀ ਇਸ ਘਰ 'ਚ ਸ਼ਿਫਟ ਹੋ ਜਾਣਗੇ। ਗਾਂਗੁਲੀ ਨੇ ਘਰ ਖਰੀਦਣ ਤੋਂ ਬਾਅਦ ਪ੍ਰਤੀਕਿਰਿਆ ਦਿੱਤੀ ਤੇ ਖੁਸ਼ੀ ਜ਼ਾਹਰ ਕੀਤੀ।
ਸਾਬਕਾ ਭਾਰਤੀ ਕਪਤਾਨ ਗਾਂਗੁਲੀ ਆਪਣੇ ਕ੍ਰਿਕਟ ਕਰੀਅਰ ਦੌਰਾਨ ਅਕਸਰ ਚਰਚਾ ਵਿੱਚ ਰਹਿੰਦੇ ਸਨ ਤੇ ਇਹ ਸਿਲਸਿਲਾ ਹੁਣ ਵੀ ਜਾਰੀ ਹੈ। ਗਾਂਗੁਲੀ ਦੇ ਜੱਦੀ ਘਰ ਦੀ ਕਾਫੀ ਤਾਰੀਫ ਹੋਈ ਹੈ। ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਖਿਡਾਰੀ ਸਚਿਨ ਤੇਂਦੁਲਕਰ ਨੇ ਉਸ ਘਰ ਵਿਚ ਉਸ ਨਾਲ ਖਾਣਾ ਖਾਧਾ ਸੀ। ਸਚਿਨ ਦੇ ਨਾਲ-ਨਾਲ ਟੀਮ ਦੇ ਹੋਰ ਖਿਡਾਰੀਆਂ ਨੇ ਵੀ ਗਾਂਗੁਲੀ ਦੇ ਉਸ ਜੱਦੀ ਘਰ 'ਚ ਸਮਾਂ ਬਿਤਾਇਆ ਹੈ।
'ਦ ਟੈਲੀਗ੍ਰਾਫ' 'ਚ ਛਪੀ ਖਬਰ ਮੁਤਾਬਕ ਘਰ ਖਰੀਦਣ ਤੋਂ ਬਾਅਦ ਗਾਂਗੁਲੀ ਨੇ ਕਿਹਾ, ''ਮੈਂ ਖੁਸ਼ ਹਾਂ ਕਿ ਮੇਰਾ ਆਪਣਾ ਘਰ ਹੈ। ਮੈਂ ਲਗਪਗ 48 ਸਾਲ ਆਪਣੇ ਆਖਰੀ ਘਰ ਵਿੱਚ ਰਿਹਾ। ਉਸ ਘਰ ਨੂੰ ਛੱਡਣਾ ਥੋੜ੍ਹਾ ਔਖਾ ਸੀ।
ਜ਼ਿਕਰਯੋਗ ਹੈ ਕਿ ਗਾਂਗੁਲੀ ਨੂੰ ਭਾਰਤ ਦੇ ਸਫਲ ਕਪਤਾਨਾਂ 'ਚ ਗਿਣਿਆ ਜਾਂਦਾ ਹੈ। ਉਨ੍ਹਾਂ ਨੇ 311 ਵਨਡੇ ਮੈਚਾਂ 'ਚ 11363 ਦੌੜਾਂ ਬਣਾਈਆਂ ਹਨ। ਇਸ ਦੌਰਾਨ ਗਾਂਗੁਲੀ ਨੇ 22 ਸੈਂਕੜੇ ਤੇ 72 ਅਰਧ ਸੈਂਕੜੇ ਲਗਾਏ ਹਨ। ਉਸ ਨੇ 113 ਟੈਸਟ ਮੈਚ ਵੀ ਖੇਡੇ ਹਨ। ਗਾਂਗੁਲੀ ਨੇ 188 ਪਾਰੀਆਂ 'ਚ 7212 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 16 ਸੈਂਕੜੇ ਅਤੇ 35 ਅਰਧ ਸੈਂਕੜੇ ਲਗਾਏ ਹਨ।