ਨਵੀਂ ਦਿੱਲੀ : ਪ੍ਰਦੂਸ਼ਣ ਕਾਰਨ ਦੁਨੀਆ ਭਰ ’ਚ ਮੌਤਾਂ ਦਾ ਸਿਲਸਿਲਾ ਵਧਦਾ ਜਾ ਰਿਹਾ ਹੈ। ਇਕ ਖੋਜ ’ਚ ਦਾਅਵਾ ਕੀਤਾ ਗਿਆ ਹੈ ਕਿ 2019 ’ਚ ਭਾਰਤ ’ਚ 23.5 ਲੱਖ ਲੋਕਾਂ ਨੂੰ ਪ੍ਰਦੂੁਸ਼ਣ ਕਾਰਨ ਹੋਈਆਂ ਬਿਮਾਰੀਆਂ ਨਾਲ ਆਪਣੀ ਜਾਨ ਗੁਆਉਣੀ ਪਈ। ਇਨ੍ਹਾਂ ’ਚ 16.7 ਲੱਖ ਮੌਤਾਂ ਸਿਰਫ ਹਵਾ ਪ੍ਰਦੂਸ਼ਣ ਕਾਰਨ ਹੋਈਆਂ ਹਨ। ਜੋ ਦੁਨੀਆ ਭਰ ’ਚ ਸਭ ਤੋਂ ਵੱਧ ਹਨ। 13.6 ਲੱਖ ਲੋਕਾਂ ਦੀ ਮੌਤ ਜਲ ਪ੍ਰਦੂਸ਼ਣ ਨਾਲ ਹੋਈ।
ਲੈਂਸੇਟ ਦੀ ਇਕ ਰਿਪੋਰਟ ਮੁਤਾਬਕ ਹਵਾ ਪ੍ਰਦੂਸ਼ਣ ਨਾਲ ਹੋਈਆਂ ਮੌਤਾਂ ’ਚ ਵੀ ਸਭ ਤੋਂ ਵੱਧ ਹਵਾ ’ਚ ਘੁਲੇ ਧੂੜ ਕਣਾਂ ਕਾਰਨ 9.8 ਲੱਖ ਮੌਤਾਂ ਹੋਈਆਂ ਹਨ। ਹਵਾ ’ਚ ਘੁਲੇ ਇਹ ਛੋਟੇ ਕਣ ਢਾਈ ਮਾਈਕ੍ਰੋਨ ਜਾਂ ਇਸ ਤੋਂ ਛੋਟੇ ਹੁੰਦੇ ਹਨ। ਉੱਧਰ ਬਾਕੀ 6.1 ਲੱਖ ਲੋਕਾਂ ਦੀ ਮੌਤ ਘਰੇਲੂ ਹਵਾ ਪ੍ਰਦੂਸ਼ਣ ਕਾਰਨ ਹੋਈ ਹੈ। ਅਧਿਐਨ ਮੁਤਾਬਕ ਰਾਹਤ ਦੀ ਗੱਲ ਬੱਸ ਇੰਨੀ ਹੈ ਕਿ 2019 ’ਚ ਹੋਈਆਂ ਮੌਤਾਂ ਦੀ ਗਿਣਤੀ 2015 ਦੇ ਮੁਕਾਬਲੇ ਘੱਟ ਹੈ।
ਆਲਮੀ ਪੱਧਰ ’ਤੇ ਗੱਲ ਕਰੀਏ ਤਾਂ ਪ੍ਰਦੂਸ਼ਣ ਨਾਲ 2019 ’ਚ ਦੁਨੀਆ ਭਰ ’ਚ 90 ਲੱਖ ਲੋਕ ਮੌਤ ਦੇ ਸ਼ਿਕਾਰ ਹੋਏ ਜੋ ਦੁਨੀਆ ਭਰ ’ਚ ਹੋਈਆਂ ਹਰ ਤਰ੍ਹਾਂ ਦੀਆਂ ਮੌਤਾਂ ਦਾ ਛੇਵਾਂ ਹਿੱਸਾ ਹੈ ਯਾਨੀ ਦੁਨੀਆ ’ਚ ਹਰ ਛੇਵੀਂ ਮੌਤ ਦਾ ਕਾਰਨ ਪ੍ਰਦੂਸ਼ਣ ਹੈ। ਇਨ੍ਹਾਂ 90 ਲੱਖ ਮੌਤਾਂ ’ਚ ਵੀ ਇਕੱਲੇ ਹਵਾ ਪ੍ਰਦੂਸ਼ਣ ਨਾਲ 66.7 ਲੱਖ ਲੋਕਾਂ ਦੀ ਮੌਤ ਹੋਈ ਹੈ।
ਅਧਿਐਨ ਮੁਤਾਬਕ ਘਰਾਂ ’ਚ ਬਾਇਓਮਾਸ ਦਾ ਸੜਨਾ ਭਾਰਤ ’ਚ ਹਵਾ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਸੀ। ਇਸ ਤੋਂ ਬਾਅਦ ਕੋਲਾ ਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨਾ ਸੀ।
ਦੁਨੀਆ ਭਰ ’ਚ 2000 ਤੋਂ ਬਾਅਦ ਕਾਰਾਂ, ਟਰੱਕਾਂ ਤੇ ਉਦਯੋਗਾਂ ’ਚੋਂ ਨਿਕਲਣ ਵਾਲੀਆਂ ਪ੍ਰਦੂਸ਼ਿਤ ਹਵਾਵਾਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਨਾਲ ਮਰਨ ਵਾਲਿਆਂ ਦੀ ਗਿਣਤੀ 55 ਫ਼ੀਸਦੀ ਵੱਧ ਗਈ ਹੈ।
ਖੋਜਕਰਤਾਵਾਂ ਨੇ ਕਿਹਾ ਕਿ ਉੱਤਰੀ ਭਾਰਤ ’ਚ ਗੰਗਾ ਨੇੜਲੇ ਇਲਾਕਿਆਂ ’ਚ ਹਵਾ ਪ੍ਰਦੂਸ਼ਣ ਸਭ ਤੋਂ ਗੰਭੀਰ ਸਮੱਸਿਆ ਹੈ। ਇੱਥੇ ਕਈ ਕਾਰਕ ਇਕੱਠੇ ਮਿਲ ਕੇ ਇਸ ਸਮੱਸਿਆ ਨੂੰ ਹੋਰ ਗੁੰਝਲਦਾਰ ਬਣਾਉਂਦੇ ਹਨ। ਰਿਪੋਰਟ ਦੱਸਦੀ ਹੈ ਕਿ ਇਸ ਸਮੱਸਿਆ ਨੂੰ ਠੱਲ੍ਹ ਪਾਉਣ ਲਈ ਭਾਰਤ ਸਰਕਾਰ ਨੇ ਉਜਵਲਾ ਯੋਜਨਾ ਵਰਗੇ ਕਈ ਕਦਮ ਚੁੱਕੇ ਹਨ ਪਰ ਇਹ ਨਾਕਾਫੀ ਸਾਬਿਤ ਹੋ ਰਹੇ ਹਨ।
ਅਧਿਐਨ ਮੁਤਾਬਕ, ਸੰਯੁਕਤ ਰਾਜ ਅਮਰੀਕਾ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਮੌਤਾਂ ਵਾਲੇ ਸਿਖਰਲੇ 10 ਦੇਸ਼ਾਂ ’ਚ ਇੱਕੋ-ਇਕ ਮੁਕੰਮਲ ਸਨਅਤੀ ਦੇਸ਼ ਹੈ। ਉਹ 2019 ’ਚ ਪ੍ਰਦੂਸ਼ਣ ਨਾਲ 1,42,883 ਮੌਤਾਂ ਨਾਲ ਸੱਤਵੇਂ ਸਥਾਨ ’ਤੇ ਹੈ।
ਪ੍ਰਦੂਸ਼ਣ ਜ਼ਿਆਦਾ ਤਾਂ ਆਬਾਦੀ ਵੀ ਜ਼ਿਆਦਾ
ਭਾਰਤ ਤੇ ਚੀਨ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ ’ਚ ਦੁਨੀਆ ਭਰ ’ਚ ਸਭ ਤੋਂ ਅੱਗੇ ਹਨ ਜਿੱਥੇ ਕ੍ਰਮਵਾਰ ਸਾਲਾਨਾ ਲਗਪਗ 24 ਲੱਖ ਤੇ ਲਗਪਗ 22 ਲੱਖ ਮੌਤਾਂ ਹੁੰਦੀਆਂ ਹਨ ਪਰ ਦੋਵਾਂ ਦੇਸ਼ਾਂ ’ਚ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਵੀ ਹੈ।