ਨਵੀਂ ਦਿੱਲੀ: ਦਿੱਗਜ਼ ਆਗੂ ਸੁਨੀਲ ਜਾਖੜ ਕਾਂਗਰਸ ਨੂੰ ਅਲਵਿਦਾ ਕਹਿ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਬਾਰੇ ਵੱਡੀ ਕਹੀ - ਮੇਰੀ ਇੱਛਾ ਹੈ ਕਿ ਪੰਜਾਬ ਨੂੰ ਵਿਸ਼ੇਸ਼ ਰਾਜ ਦਾ ਦਰਜਾ ਮਿਲੇ ਪਰ ਲੱਗਦਾ ਹੈ ਕਿ ਮੋਦੀ ਜੀ ਨੇ ਵਿਸ਼ੇਸ਼ ਰਾਜ ਦਾ ਦਰਜਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਰਾਸ਼ਟਰਵਾਦ ਦੀ ਗੱਲ ਹੁੰਦੀ ਹੈ ਤਾਂ ਇਹ ਭਾਵਨਾ ਪੰਜਾਬ ਤੋਂ ਸ਼ੁਰੂ ਹੁੰਦੀ ਹੈ।
ਉਨ੍ਹਾਂ ਬੀਜੇਪੀ ਵਿੱਚ ਸ਼ਾਮਲ ਹੋਣ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਜੇ ਪਾਰਟੀ ਮਜ਼ਬੂਤ ਹੋਵੇਗੀ ਤਾਂ ਪੰਜਾਬ ਨੂੰ ਮਜ਼ਬੂਤ ਕੀਤਾ ਜਾ ਸਕੇਗਾ। ਸੁਨੀਲ ਜਾਖੜ ਨੇ ਬੀਜੇਪੀ ਲੀਡਰਾਂ ਨੂੰ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਤੁਹਾਡਾ ਧੰਨਵਾਦ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਛੱਡਣਾ ਆਸਾਨ ਨਹੀਂ। ਅਸੀਂ 50 ਸਾਲ ਕਾਂਗਰਸ 'ਚ ਸੀ। 1972 ਤੋਂ ਚੰਗੇ-ਮਾੜੇ ਸਮੇਂ 'ਚ ਕਾਂਗਰਸ ਨਾਲ ਰਹੇ। ਉਨ੍ਹਾਂ ਕਿਹਾ ਕਿ ਅਸੀਂ ਕਦੇ ਤੋੜਨ ਦਾ ਕੰਮ ਨਹੀਂ ਕੀਤਾ, ਅਸੀਂ ਜੋੜਨ ਦਾ ਕੰਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਅੱਜ ਸੁਨੀਲ ਜਾਖੜ ਨੇ ਕਾਂਗਰਸ ਨੂੰ ਛੱਡਿਆ ਹੈ ਤਾਂ ਉਹ ਸਿਰਫ ਇੱਕ ਪਰਿਵਾਰ ਕਾਰਨ ਛੱਡਣੀ ਪਈ ਹੈ। ਉਨ੍ਹਾਂ ਕਿਹਾ ਕਿ ਅੱਜ ਇੱਕ ਪਰਿਵਾਰ ਨੂੰ ਛੱਡਣਾ ਪਿਆ ਕਿਉਂਕਿ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇੱਥੇ ਗੱਲ ਸਿਰਫ਼ ਇੱਕ ਬੰਦੇ ਦੀ ਨਹੀਂ। ਜਦੋਂ ਸਿਧਾਂਤ ਟੁੱਟਦਾ ਹੈ ਤਾਂ ਸੋਚਣਾ ਪੈਂਦਾ ਹੈ। ਤੁਸੀਂ ਸੁਨੀਲ ਦੀ ਆਵਾਜ਼ ਨੂੰ ਨਹੀਂ ਰੋਕ ਸਕਦੇ, ਦੇਸ਼ ਲਈ ਸੁਨੀਲ ਦੀ ਆਵਾਜ਼ ਬੁਲੰਦ ਹੁੰਦੀ ਰਹੇਗੀ।