ਦੇਸ਼ ਦੀ ਸਭ ਤੋਂ ਵੱਡੀ ਆਟੋਮੋਬਾਈਲ ਕੰਪਨੀ ਮਾਰੂਤੀ ਸੁਜ਼ੂਕੀ ਹਰਿਆਣਾ 'ਚ ਆਪਣਾ ਨਵਾਂ ਨਿਰਮਾਣ ਪਲਾਂਟ ਲਗਾਉਣ ਜਾ ਰਹੀ ਹੈ। ਮਾਰੂਤੀ ਸੁਜ਼ੂਕੀ ਨੇ ਕਿਹਾ ਹੈ ਕਿ ਕੰਪਨੀ ਇਸ ਪਲਾਂਟ ਦੇ ਨਿਰਮਾਣ ਦੇ ਪਹਿਲੇ ਪੜਾਅ 'ਚ 11,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਕੰਪਨੀ ਨੇ ਪਲਾਂਟ ਸਥਾਪਤ ਕਰਨ ਲਈ ਸੋਨੀਪਤ ਵਿੱਚ ਐਚਐਸਆਈਆਈਡੀਸੀ ਦੇ ਨਾਲ ਆਈਐਮਟੀ ਖਰਖੋਦਾ ਵਿੱਚ 800 ਏਕੜ ਜ਼ਮੀਨ ਦੀ ਅਲਾਟਮੈਂਟ ਪ੍ਰਕਿਰਿਆ ਪੂਰੀ ਕਰ ਲਈ ਹੈ।
ਮਾਰੂਤੀ ਸੁਜ਼ੂਕੀ ਨੇ ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ 'ਚ ਕਿਹਾ ਹੈ ਕਿ 2025 ਤੱਕ ਪਹਿਲੇ ਪੜਾਅ 'ਚ ਇਸ ਨਿਰਮਾਣ ਪਲਾਂਟ 'ਚ 2.5 ਲੱਖ ਯੂਨਿਟ ਵਾਹਨਾਂ ਦਾ ਉਤਪਾਦਨ ਕੀਤਾ ਜਾਵੇਗਾ। ਪਹਿਲੇ ਪੜਾਅ ਵਿੱਚ 11,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਕੰਪਨੀ ਕੋਲ ਸੋਨੀਪਤ 'ਚ ਇੰਨੀ ਜ਼ਮੀਨ ਹੈ ਕਿ ਭਵਿੱਖ 'ਚ ਕੰਪਨੀ ਇੱਥੇ ਹੋਰ ਨਿਰਮਾਣ ਪਲਾਂਟ ਲਗਾ ਸਕਦੀ ਹੈ। ਇਸ ਸਮੇਂ ਕੰਪਨੀ ਕੋਲ ਹਰਿਆਣਾ ਅਤੇ ਗੁਜਰਾਤ ਵਿੱਚ ਸਾਲਾਨਾ 22 ਲੱਖ ਵਾਹਨਾਂ ਦਾ ਉਤਪਾਦਨ ਕਰਨ ਦੀ ਸਮਰੱਥਾ ਹੈ।