World 's Most Valuable Company : ਸਾਊਦੀ ਅਰਾਮਕੋ ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ ਬਣ ਗਈ ਹੈ। ਇਸ ਨੇ ਐਪਲ ਨੂੰ ਪਛਾੜ ਕੇ ਪਹਿਲਾਂ ਸਥਾਨ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਐਪਲ ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ ਵਜੋਂ ਜਾਣੀ ਜਾਂਦੀ ਸੀ ਪਰ ਬੁੱਧਵਾਰ ਨੂੰ ਸਾਊਦੀ ਅਰਾਮਕੋ ਨੇ ਐਪਲ ਤੋਂ ਇਹ ਖਿਤਾਬ ਖੋਹ ਲਿਆ ਤੇ ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ ਬਣ ਗਈ। ਅਜਿਹਾ ਇਸ ਲਈ ਹੋਇਆ ਕਿਉਂਕਿ ਤੇਲ ਦੀਆਂ ਕੀਮਤਾਂ 'ਚ ਵਾਧੇ ਕਾਰਨ ਤੇਲ ਖੇਤਰ ਦੇ ਸਟਾਕਾਂ ਵਿੱਚ ਵਾਧਾ ਹੋਇਆ ਤੇ ਤਕਨੀਕੀ ਉਦਯੋਗ ਦੇ ਸਟਾਕਾਂ 'ਚ ਗਿਰਾਵਟ ਆਈ।
ਸਾਊਦੀ ਅਰਬ ਦੀ ਰਾਸ਼ਟਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਕੰਪਨੀ ਸਾਊਦੀ ਅਰਾਮਕੋ ਨੂੰ ਦੁਨੀਆ ਦੇ ਸਭ ਤੋਂ ਵੱਡੇ ਤੇਲ ਉਤਪਾਦਕ ਵਜੋਂ ਵੀ ਜਾਣਿਆ ਜਾਂਦਾ ਹੈ। ਬੁੱਧਵਾਰ ਨੂੰ ਬਾਜ਼ਾਰ ਬੰਦ ਹੋਣ 'ਤੇ ਸਾਊਦੀ ਅਰਾਮਕੋ ਦਾ ਬਾਜ਼ਾਰ ਮੁੱਲ 2.42 ਟ੍ਰਿਲੀਅਨ ਡਾਲਰ 'ਤੇ ਪਹੁੰਚ ਗਿਆ ਹੈ, ਜਦਕਿ ਸ਼ੇਅਰਾਂ ਦੀ ਕੀਮਤ 'ਚ ਗਿਰਾਵਟ ਕਾਰਨ ਐਪਲ ਦਾ ਬਾਜ਼ਾਰ ਮੁੱਲ 2.37 ਟ੍ਰਿਲੀਅਨ ਡਾਲਰ 'ਤੇ ਆ ਗਿਆ ਹੈ। ਐਪਲ ਦੇ ਸਟਾਕ ਦੀ ਕੀਮਤ 'ਚ ਪਿਛਲੇ ਇਕ ਮਹੀਨੇ 'ਚ ਕਾਫੀ ਗਿਰਾਵਟ ਦੇਖਣ ਨੂੰ ਮਿਲੀ ਹੈ।